Jalandhar News: ਬੰਦਾ ਜਿਉਂਦੇ ਜੀਅ ਅਕਲ ਦੇ ਲੱਖਾਂ ਘੋੜੇ ਦੌੜਾਉਂਦਾ ਰਹਿੰਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਸੈਕਿੰਡਾਂ 'ਚ ਮੌਤ ਸਭ ਕੁਝ ਸਵਾਹ ਕਰ ਦੇਵੇਗੀ। ਅਜਿਹਾ ਹੀ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਈ ਮਹਿਲਾ ਨੇ ਪਲਾਂ ਵਿੱਚ ਪ੍ਰਾਣ ਤਿਆਗ ਦਿੱਤੇ। ਵੀਡੀਓ ਵਾਇਰਲ ਹੋਣ ਮਗਰੋਂ ਇਹ ਮਾਮਲਾ ਕਾਫੀ ਚਰਚਾ ਵਿੱਚ ਹੈ।
ਦਰਅਸਲ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਈ 65 ਸਾਲਾ ਔਰਤ ਦੀ ਅਚਾਨਕ ਮੌਤ ਹੋ ਗਈ। ਗੁਰਦੁਆਰੇ ਦੇ ਅੰਦਰ ਜਾਂਦੇ ਸਮੇਂ ਉਹ ਹੇਠਾਂ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਮਹਿਲਾ ਦੀਆਂ ਲੱਤਾਂ ਤੇ ਹੱਥਾਂ ਦੀ ਮਾਲਿਸ਼ ਕੀਤੀ ਤਾਂ ਜੋ ਉਹ ਸਾਹ ਲੈ ਸਕੇ ਪਰ ਅਜਿਹਾ ਨਹੀਂ ਹੋ ਸਕਿਆ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਸਭ ਕੁਝ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ।
ਹਾਸਲ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਬੁੱਧਵਾਰ ਦੁਪਹਿਰ ਕਰੀਬ 11.46 ਵਜੇ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਆਈ ਸੀ। ਪਰਿਵਾਰਕ ਮੈਂਬਰ ਵੀ ਉਸ ਦੇ ਨਾਲ ਸਨ ਜੋ ਔਰਤ ਦਾ ਹੱਥ ਫੜ ਕੇ ਅੰਦਰ ਲਿਆ ਰਹੇ ਸਨ। ਜਦੋਂ ਉਹ ਦਰਸ਼ਨਾਂ ਲਈ ਜਾਣ ਲੱਗੀ ਤਾਂ ਅਚਾਨਕ ਹੇਠਾਂ ਡਿੱਗ ਗਈ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਔਰਤ ਦੀ ਜਾਂਚ ਕਰਨ ਵਾਲੇ ਡਾਕਟਰਾਂ ਮੁਤਾਬਕ ਔਰਤ ਨੂੰ ਦਿਲ ਦਾ ਦੌਰਾ ਪਿਆ ਹੈ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਹ ਵੀ ਖੁਲਾਸਾ ਹੋਇਆ ਹੈ ਕਿ ਉਹ ਇੱਕ ਕੇਸ ਵਿੱਚ ਬਰੀ ਹੋਣ ਦੀ ਖੁਸ਼ੀ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਆਈ ਸੀ।
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਸੰਗਰੂਰ ਦੀ ਰਹਿਣ ਵਾਲੀ ਸੀ। ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਐਸਐਚਓ ਹਰਗੁਰਦੇਵ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ। ਉਂਝ ਇਹ ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।