Jalandhar News: ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਨੂੰ 410 ਹਾਈਟੈਕ ਗੱਡੀਆਂ ਦਿੱਤੀਆਂ ਹਨ। ਸੀਐਮ ਨੇ ਕਿਹਾ ਕਿ ਕੁੱਲ 410 ਹਾਈਟੈਕ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਥਾਣਿਆਂ ਦੇ ਐਸਐਚਓਜ਼ ਨੂੰ 315 ਗੱਡੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ 274 ਮਹਿੰਦਰਾ ਸਕਾਰਪੀਓ ਤੇ 41 ਇਸ਼ੂ ਹਾਈ ਲੈਂਡਰ ਸ਼ਾਮਲ ਹਨ। ਇਸ ਦੇ ਨਾਲ ਹੀ ਔਰਤਾਂ ਦੀ ਸੁਰੱਖਿਆ ਲਈ 71 ਕੀਆ ਕੇਰੈਂਸ ਤੇ 24 ਟਾਟਾ ਟਿਆਗੋ ਈਵੀ ਵੀ ਦਿੱਤੀਆਂ ਜਾ ਰਹੀਆਂ ਹਨ।


 






ਅੱਜ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਫਿਲੌਰ ਸਥਿਤ ਪੰਜਾਬ ਪੁਲਿਸ ਅਕੈਡਮੀ (PPA) ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਸਾਰੇ ਥਾਣਾ ਇੰਚਾਰਜਾਂ ਨੂੰ ਨਵੀਆਂ ਗੱਡੀਆਂ ਸੌਂਪੀਆਂ। ਇਸ ਦੌਰਾਨ ਸੀਐਮ ਭਗਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗੱਡੀਆਂ ਤਾਂ ਖਰੀਦੀਆਂ ਪਰ ਉਹ ਗੱਡੀਆਂ ਸਿਰਫ ਐਸਐਸਪੀ ਜਾਂ ਸੀਨੀਅਰ ਅਫਸਰਾਂ ਨੂੰ ਹੀ ਦਿੱਤੀਆਂ ਜਾਂਦੀਆਂ ਸੀ। ਜਦੋਂ ਉਹ ਗੱਡੀਆਂ ਕੰਡਮ ਹੋ ਜਾਂਦੀਆਂ ਤਾਂ ਹੇਠਲੇ ਅਧਿਕਾਰੀਆਂ ਨੂੰ ਦੇ ਦਿੱਤੀਆਂ ਸੀ। ਜਦੋਂ ਤੱਕ ਇਹ ਗੱਡੀਆਂ ਥਾਣੇਦਾਰਾਂ ਕੋਲ ਪਹੁੰਚੀਆਂ ਸੀ. ਉਦੋਂ ਤੱਕ ਉਨ੍ਹਾਂ ਦੀ ਹਾਲਤ ਖਰਾਬ ਹੋ ਚੁੱਕੀ ਹੁੰਦੀ ਸੀ।



ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਜਿਸ ਅਫਸਰ ਨੇ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦਾ ਪਿੱਛਾ ਕਰਨਾ ਹੁੰਦਾ, ਉਸ ਕੋਲ ਉਨ੍ਹਾਂ ਨੂੰ ਫੜਨ ਲਈ ਗੱਡੀ ਤੱਕ ਵੀ ਨਹੀਂ ਹੁੰਦੀ। ਇਸ ਲਈ ਮੈਂ ਡੀਜੀਪੀ ਨੂੰ ਇਸ ਸ਼ਰਤ 'ਤੇ ਵਾਹਨ ਖਰੀਦਣ ਲਈ ਕਿਹਾ ਸੀ ਕਿ ਇਹ ਵਾਹਨ ਸਿਰਫ਼ ਐਸਐਚਓ ਪੱਧਰ ਦੇ ਅਧਿਕਾਰੀਆਂ ਨੂੰ ਦਿੱਤੇ ਜਾਣਗੇ ਤਾਂ ਜੋ ਉਹ ਆਪਣਾ ਕੰਮ ਸਹੀ ਢੰਗ ਨਾਲ ਕਰ ਸਕਣ।



ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਚੁਣੌਤੀ ਅਮਨ-ਕਾਨੂੰਨ ਗੀ ਸਥਿਤੀ ਨੂੰ ਸੰਭਾਲਣਾ ਹੈ। ਕਾਨੂੰਨ ਵਿਵਸਥਾ ਨੂੰ ਸੰਭਾਲਣ ਲਈ ਸਭ ਤੋਂ ਅਹਿਮ ਕੜੀ ਥਾਣਾ ਇੰਚਾਰਜ ਹੁੰਦੇ ਹਨ ਪਰ ਉਨ੍ਹਾਂ ਕੋਲ ਨਾ ਤਾਂ ਸਹੀ ਵਾਹਨ ਹਨ ਤੇ ਨਾ ਹੀ ਹੋਰ ਔਜਾਰ। ਇਸ ਕਾਰਨ ਥਾਣਾ ਇੰਚਾਰਜ ਹੀ ਸਭ ਤੋਂ ਪਹਿਲਾਂ ਬਦਨਾਮੀ ਦੇ ਪਾਤਰ ਬਣਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਅੱਜ ਇਹ ਵਾਹਨ ਥਾਣਾ ਇੰਚਾਰਜਾਂ ਨੂੰ ਦਿੱਤੇ ਜਾ ਰਹੇ ਹਨ। ਸੀਐਮ ਮਾਨ ਨੇ ਕਿਹਾ- ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਸੇ ਵੀ ਹਾਲਤ ਵਿੱਚ ਵਿਗੜਨ ਨਹੀਂ ਦਿੱਤੀ ਜਾਵੇਗੀ।



ਡੀਜੀਪੀ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ 315 ਐਸਐਚਓ ਇੱਕ ਛੱਤ ਹੇਠਾਂ ਇਕੱਠੇ ਹੋਏ ਹਨ। ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ 'ਤੇ ਅਸੀਂ ਥਾਣਿਆਂ ਨੂੰ ਮਜ਼ਬੂਤ ​​ਕਰਨ 'ਚ ਲੱਗੇ ਹੋਏ ਹਾਂ। ਥਾਣਿਆਂ ਵਿੱਚ ਨਵੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ। ਡੀਜੀਪੀ ਯਾਦਵ ਨੇ ਦੱਸਿਆ ਕਿ ਅਗਲੇ ਸਾਲ 800 ਤੋਂ ਵੱਧ ਹੋਰ ਵਾਹਨ ਸਾਡੇ ਕੋਲ ਆ ਰਹੇ ਹਨ ਜੋ ਪੰਜਾਬ ਦੀ ਸੁਰੱਖਿਆ 'ਚ ਤਾਇਨਾਤ ਹੋਣਗੇ।