Jalandhar pspcl Republic Day tableau:  ਗਣਤੰਤਰ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਕੁੱਲ 12 ਝਾਕੀਆਂ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਨੂੰ ਪ੍ਰਦਰਸ਼ਿਤ ਕੀਤਾ।


ਪੀ.ਐਸ.ਪੀ.ਸੀ.ਐਲ. ਦੀ ਝਾਕੀ ਨੂੰ ਇਸ ਸਾਲ ਦੇ ਗਣਤੰਤਰ ਦਿਵਸ ਸਮਾਗਮ ਦੌਰਾਨ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਸਨਮਾਨਿਤ ਕੀਤਾ ਗਿਆ। ਜਦਕਿ ਸਹਿਕਾਰੀ ਵਿਭਾਗ ਅਤੇ ਸਵੀਪ ਦੀ ਝਾਕੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਇਨਾਮ ਹਾਸਲ ਕੀਤਾ। 




ਮੁੱਖ ਮਹਿਮਾਨ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਪਹਿਲੇ 3 ਸਥਾਨ ਹਾਸਿਲ ਕਰਨ ਵਾਲੀਆਂ ਝਾਕੀਆਂ ਦੇ ਸਬੰਧਿਤ ਵਿਭਾਗੀ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ । 


ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਡਾ. ਅਮਿਤ ਮਹਾਜਨ ਦੀ ਅਗਵਾਈ ਵਾਲੀ ਕਮੇਟੀ, ਜਿਸ ਵਿੱਚ ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ ਅਤੇ ਰੈੱਡ ਕਰਾਸ ਦੇ ਸਕੱਤਰ ਇੰਦਰ ਦੇਵ ਸਿੰਘ ਮਿਨਹਾਸ ਵੀ ਸ਼ਾਮਲ ਸਨ, ਵੱਲੋਂ ਜੇਤੂਆਂ ਦੀ ਚੋਣ ਕੀਤੀ ਗਈ।




ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਝਾਕੀ ਪੰਜਾਬ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮ ਆਮ ਆਦਮੀ ਕਲੀਨਿਕਾਂ ਬਾਰੇ ਸੀ। ਜਲੰਧਰ ਵਿੱਚ ਅਜਿਹੇ 55 ਕਲੀਨਿਕ ਚੱਲ ਰਹੇ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਮੁਫ਼ਤ ਦਵਾਈਆਂ ਤੋਂ ਇਲਾਵਾ ਮੈਡੀਕਲ ਅਤੇ ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।


ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਆਪਣੀ ਝਾਕੀ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ, ਸਵੈ-ਰੋਜ਼ਗਾਰ ਅਤੇ ਕਰੀਅਰ ਕਾਊਂਸਲਿੰਗ ਦੀ ਸਹੂਲਤ ਲਈ ਕੀਤੇ ਗਏ ਉਪਰਾਲਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸੇ ਤਰ੍ਹਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਪਣੀ ਝਾਕੀ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਪਹਿਲਕਦਮੀਆਂ ਅਤੇ ਹੋਰ ਪ੍ਰੋਗਰਾਮਾਂ ’ਤੇ ਝਾਤ ਪੁਆਈ ਗਈ। ਜਦਕਿ ਜ਼ਿਲ੍ਹਾ ਚੋਣ ਦਫ਼ਤਰ (ਸਵੀਪ) ਨੇ ਆਪਣੀ ਝਾਕੀ ਵਿੱਚ ਵੋਟਰ ਹੈਲਪਲਾਈਨ ਮੋਬਾਈਲ ਐਪ, 1950 ਹੈਲਪਲਾਈਨ ਸਮੇਤ ਵੋਟਰ ਰਜਿਸਟ੍ਰੇਸ਼ਨ ਦੇ ਤਰੀਕਿਆਂ ਨੂੰ ਪ੍ਰਦਰਸ਼ਿਤ ਕੀਤਾ।




ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਸਾਂਝੀ ਝਾਕੀ ਰਾਹੀਂ ਕਰਜ਼ਾ ਸਕੀਮਾਂ, ਸਿਖ਼ਲਾਈ ਪ੍ਰੋਗਰਾਮ, ਸਹਿਕਾਰੀ ਵਿਭਾਗ ਵੱਲੋਂ ਕਾਮਨ ਸਰਵਿਸ ਸੈਂਟਰਾਂ, ਨਵੇਂ ਡੇਅਰੀ ਪਲਾਂਟ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਝਾਕੀ ਰਾਹੀਂ ਮਗਨਰੇਗਾ, ਮਾਡਲ ਖੇਡ ਮੈਦਾਨ, ਆਜੀਵਿਕਾ ਮਿਸ਼ਨ ਸਵੈ-ਸਹਾਇਤਾ ਸਮੂਹਾਂ ਬਾਰੇ ਦਰਸਾਇਆ ਗਿਆ।


ਇਸ ਤੋਂ ਇਲਾਵਾ ਪੀ.ਐਸ.ਪੀ.ਐਸ.ਐਲ. ਵਿਭਾਗ ਨੇ ਨਵੇਂ ਪ੍ਰਾਈਵੇਟ ਥਰਮਲ ਪਲਾਂਟ ਦੀ ਖ਼ਰੀਦ, 90 ਫੀਸਦੀ ਘਰਾਂ ਲਈ ਜ਼ੀਰੋ ਬਿੱਲ, ਨਵੇਂ 66-ਕੇ.ਵੀ.  ਬਿਜਲੀ ਸਬਸਟੇਸ਼ਨਾਂ ਦੀ ਸਥਾਪਨਾ, ਬਿਜਲੀ ਦੀ ਭਾਰੀ ਮੰਗ ਦੀ ਪੂਰਤੀ ਅਤੇ ਪਿਛਲੇ ਸਾਲ ਦੌਰਾਨ ਕੀਤੀਆਂ ਹੋਰ ਇਤਿਹਾਸਕ ਪ੍ਰਾਪਤੀਆਂ ਨੂੰ ਆਪਣੀ ਝਾਕੀ ਰਾਹੀਂ ਦਰਸਾਇਆ । 


ਜੰਗਲਾਤ ਵਿਭਾਗ, ਬਾਗਬਾਨੀ, ਰੂਡਸੈੱਟ ਅਤੇ ਸੈਂਟਰਲ ਇੰਸਟੀਚਿਊਟ ਆਫ਼ ਹੈਂਡ ਟੂਲਜ਼ ਵੱਲੋਂ ਵੀ ਝਾਕੀਆਂ ਰਾਹੀਂ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।