Jalandhar News: ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਅੱਜ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੌਮੀ ਝੰਡਾ ਲਹਿਰਾਉਣਗੇ। ਮੰਤਰੀ ਦੇ ਨਾਲ ਕਈ ਵੀਵੀਆਈਪੀਜ਼ ਤੇ ਵੀਆਈਪੀਜ਼ ਵੀ ਸਟੇਡੀਅਮ ਪਹੁੰਚਣਗੇ। ਇਸੇ ਤਰ੍ਹਾਂ ਸਟੇਡੀਅਮ ਦੇ ਅੰਦਰ ਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਟੇਡੀਅਮ ਦੇ ਅੰਦਰ ਤੇ ਬਾਹਰ ਸਿਰਫ਼ 750 ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ।


ਗਣਤੰਤਰ ਦਿਵਸ ਮੌਕੇ ਦਰਸ਼ਕਾਂ ਦੀ ਆਮਦ ’ਤੇ ਨਜ਼ਰ ਰੱਖਣ ਲਈ ਜਲੰਧਰ ਬੱਸ ਸਟੈਂਡ ਤੋਂ ਆਉਣ ਵਾਲੀਆਂ ਬੱਸਾਂ ਦੇ ਰੂਟ ਬਦਲੇ ਗਈ ਹਨ। ਇਸ ਤੋਂ ਇਲਾਵਾ ਸਟੇਡੀਅਮ ਵਿੱਚ ਪਹੁੰਚਣ ਵਾਲੇ ਦਰਸ਼ਕਾਂ ਤੇ ਵਰਕਰਾਂ ਲਈ ਬੱਸਾਂ ਤੇ ਨਿੱਜੀ ਵਾਹਨਾਂ ਦੀ ਸੁਰੱਖਿਆ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਗਣਤੰਤਰ ਦਿਵਸ ਦੇ ਪ੍ਰੋਗਰਾਮ ਦੌਰਾਨ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਟ੍ਰੈਫਿਕ ਵਿਵਸਥਾ ਵੀ ਸੁਚਾਰੂ ਬਣੀ ਰਹੇ।



ਪੁਲਿਸ ਨੇ ਸੁਰੱਖਿਆ ਤੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪ੍ਰੋਗਰਾਮ ਦੇ ਆਲੇ-ਦੁਆਲੇ ਕਈ ਥਾਵਾਂ ਤੋਂ ਰੂਟ ਬਦਲੇ ਹਨ। ਇਸ ਵਿੱਚ ਸਮਰਾ ਚੌਂਕ, ਟੀ ਪੁਆਇੰਟ ਨਕੋਦਰ ਰੋਡ, ਮਿਲਕਬਾਰ ਚੌਂਕ, ਨਕੋਦਰ ਚੌਂਕ, ਗੁਰੂ ਨਾਨਕ ਚੌਂਕ, ਟੀ ਪੁਆਇੰਟ ਏਪੀਜੇ ਕਾਲਜ, ਚੁਨਮੁਨ ਮਾਲ, ਮਸੰਦ ਚੌਂਕ, ਗੀਤਾ ਮੰਦਿਰ ਟ੍ਰੈਫਿਕ ਲਾਈਟ, ਅਰਬਨ ਅਸਟੇਟ, ਕੂਲ ਰੋਡ ਤੇ ਹੋਰ ਇਲਾਕੇ ਸ਼ਾਮਲ ਹਨ। ਇਨ੍ਹਾਂ ਸਾਰੀਆਂ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਡਾਇਵਰਸ਼ਨ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇਗਾ।



ਇਸ ਦੇ ਨਾਲ ਹੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਹਿਰ ਦੀ ਸੁਰੱਖਿਆ ਲਈ 1500 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸ਼ਹਿਰ ਦੇ ਹਰ ਚੌਰਾਹੇ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ 30 ਤੋਂ ਵੱਧ ਨਾਕੇ ਲਾਏ ਗਏ ਹਨ। ਕਿਸੇ ਵੀ ਗੜਬੜੀ ਨਾਲ ਨਜਿੱਠਣ ਲਈ ਪੂਰੀ ਪੁਲਿਸ ਫੋਰਸ ਆਧੁਨਿਕ ਹਥਿਆਰਾਂ ਨਾਲ ਲੈਸ ਹੈ। ਸੁਰੱਖਿਆ ਨੂੰ ਮੁੱਖ ਰੱਖਦਿਆਂ ਸਿਵਲ ਵਰਦੀ ਵਿੱਚ ਵੀ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਪ੍ਰੋਗਰਾਮ ਦੇ ਆਲੇ-ਦੁਆਲੇ ਦਰਜਨਾਂ ਸੀਸੀਟੀਵੀ ਵੈਨਾਂ ਵੀ ਖੜੀਆਂ ਕੀਤੀਆਂ ਗਈਆਂ ਹਨ।