Jalandhar News: ਇਸ ਸਮੇਂ ਜਲੰਧਰ ਦੇ ਕੰਪਨੀ ਬਾਗ ਚੌਕ ਨੇੜੇ ਇਲਾਹਾਬਾਦ ਬੈਂਕ ਦੀ ਬ੍ਰਾਂਚ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਪੈਸੇ ਜਮ੍ਹਾ ਕਰਵਾਉਣ ਆਏ ਇੱਕ ਬਜ਼ੁਰਗ ਵਿਅਕਤੀ ਤੋਂ ਇੱਕ ਨੌਸਰਬਾਜ਼ ਵਿਅਕਤੀ ਚਾਰ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਨੌਸਰਬਾਜ਼ ਵੱਲੋਂ ਬਜ਼ੁਰਗ ਵਿਅਕਤੀ ਤੋਂ ਪੈਸੇ ਲੈ ਕੇ ਫਰਾਰ ਹੋਣ ਦੀ ਸਾਰੀ ਘਟਨਾ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। 


ਦੱਸਿਆ ਜਾ ਰਿਹਾ ਹੈ ਕਿ ਨੌਸਰਬਾਜ਼ ਨੇ ਬੈਂਕ ਫਾਰਮ ਬਣਾਉਣ ਦੀ ਆੜ 'ਚ ਰਾਜਨ ਇੰਡਸਟਰੀਜ਼ ਦੇ ਮਾਲਕ ਤੋਂ ਪੈਸੇ ਠੱਗ ਲਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ ਚਾਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਬੈਂਕ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ।


ਇਸ ਬਾਰੇ ਪੀੜਤ ਵਿਜੇ ਚੋਪੜਾ ਨੇ ਦੱਸਿਆ ਕਿ ਸਵੇਰੇ ਸਾਢੇ 10 ਵਜੇ ਦੇ ਕਰੀਬ ਕੰਪਨੀ ਬਾਗ ਚੌਕ ਨੇੜੇ ਇਲਾਹਾਬਾਦ ਬੈਂਕ 'ਚ 400000 ਰੁਪਏ ਜਮ੍ਹਾ ਕਰਵਾਉਣ ਆਈ ਸੀ। ਇਸ ਦੌਰਾਨ ਬੈਂਕ ਦੇ ਅੰਦਰ ਪਹਿਲਾਂ ਤੋਂ ਮੌਜੂਦ ਇੱਕ ਵਿਅਕਤੀ ਨੇ ਕਿਹਾ ਕਿ ਤੁਸੀਂ ਗਲਤ ਤਰੀਕੇ ਨਾਲ ਫਾਰਮ ਭਰ ਦਿੱਤਾ ਹੈ। ਮੈਂ ਇਸ ਬੈਂਕ ਵਿੱਚ ਕੰਮ ਕਰਦਾ ਹਾਂ। ਮੈਨੂੰ ਪੈਸੇ ਦਿਓ, ਮੈਂ ਜਮ੍ਹਾ ਕਰਵਾ ਦੇਵਾਂਗਾ। ਇਸ ਦੌਰਾਨ ਉਹ ਚਕਮਾ ਦੇ ਕੇ ਚਾਰ ਲੱਖ ਰੁਪਏ ਲੈ ਕੇ ਭੱਜ ਗਿਆ।


ਇਹ ਵੀ ਪੜ੍ਹੋ: Ludhiana: ਰਾਜਸਥਾਨ ਤੋਂ ਪੰਜਾਬ 'ਚ ਹਥਿਆਰਾਂ ਦੀ ਸਪਲਾਈ? ਹਥਿਆਰ ਵੇਚਣ ਤੇ ਖਰੀਦਣ ਵਾਲੇ ਪੁਲਿਸ ਅੜਿੱਕੇ


ਉਧਰ, ਇਲਾਹਾਬਾਦ ਬੈਂਕ ਦੇ ਮੈਨੇਜਰ ਮਨੋਜ ਬਵੇਜਾ ਨੇ ਕਿਹਾ ਕਿ ਉਹ ਬੈਂਕ ਵਿੱਚ ਵਾਪਰੀ ਇਸ ਘਟਨਾ ਨੂੰ ਗਲਤ ਮੰਨਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਵਿਅਕਤੀ ਨਾਲ ਵਾਪਰੀ ਘਟਨਾ ਨਿੰਦਣਯੋਗ ਹੈ ਤੇ ਜਦੋਂ ਬਜ਼ੁਰਗ ਵਿਅਕਤੀ ਨੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਹੁਣ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਬੈਂਕ ਦੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਚਾਰ ਦੇ ਇੰਚਾਰਜ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਤੇ ਬੈਂਕ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਬੈਂਕ ਵਿੱਚ ਇੱਕ ਵਿਅਕਤੀ ਬਜ਼ੁਰਗ ਦੇ ਪੈਸੇ ਲੈ ਕੇ ਫਰਾਰ ਹੋ ਗਿਆ ਹੈ। ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਵੇਗੀ।


ਇਹ ਵੀ ਪੜ੍ਹੋ: Jalandhar News: ਆਵਾਰਾ ਕੁੱਤਿਆਂ ਦਾ ਕਹਿਰ! ਜਲੰਧਰ ਤੋਂ ਆਈ ਦਿਲ ਦਹਿਲਾਉਣ ਵਾਲੀ ਵੀਡੀਓ