Jalandhar News: ਸਾਬਕਾ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਾ ਵਿਰੋਧੀ ਰੈਲੀ 'ਤੇ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਮਾਨ ਵੱਲੋਂ ਜ਼ਮੀਨੀ ਹਕੀਕਤ ਤੋਂ ਭਟਕਾਇਆ ਜਾ ਰਿਹਾ ਹੈ। ਪਰਗਟ ਸਿੰਘ ਨੇ ਸਵਾਲ ਕੀਤਾ ਕਿ ਇੱਕ ਵਿਧਾਇਕ ਦੀਆਂ ਨਸ਼ਾ ਤਸਕਰ ਤੋਂ 40 ਲੱਖ ਰੁਪਏ ਲੈਣ ਦੀਆਂ ਰਿਪੋਰਟਾਂ ਮਗਰੋਂ ਵੀ ਸੀਐਮ ਮਾਨ ਚੁੱਪ ਕਿਉਂ ਹਨ।
ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ...
ਲੁਧਿਆਣਾ ਵਿੱਚ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਵੱਲੋਂ ਕੱਢੀ ਗਈ ਨਸ਼ਾ ਵਿਰੋਧੀ ਰੈਲੀ ਲੋਕਾਂ ਦਾ ਧਿਆਨ ਜ਼ਮੀਨੀ ਹਕੀਕਤ ਤੋਂ ਭਟਕਾਉਣ ਤੋਂ ਇਲਾਵਾ ਕੁਝ ਨਹੀਂ ਹੈ। ਮੁੱਖ ਮੰਤਰੀ ਤੇ ਪੁਲਿਸ ਦਾ ਜੋ ਕੰਮ ਹੈ, ਉਸ ਨੂੰ ਛੱਡ ਮਸ਼ਹੂਰੀਆਂ ਲਈ ਫੋਟੋਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਜਲੰਧਰ ਦੇ ਇੱਕ MLA ਦੀਆਂ ਨਸ਼ਾ ਤਸਕਰ ਤੋਂ 40 ਲੱਖ ਰੁਪਏ ਲੈਣ ਦੀਆਂ ਖਬਰਾਂ ਚੱਲ ਰਹੀਆਂ ਹਨ, ਉਸ ਤੇ ਮੁੱਖ ਮੰਤਰੀ ਚੁੱਪ ਹਨ।
ਮਾਣਯੋਗ ਹਾਈਕੋਰਟ ਨੇ ਪੁਲਿਸ ਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਬਾਰੇ ਕਿਹਾ ਹੈ ਤੇ ਪੁਲਿਸ ਨਸ਼ਾ ਤਸਕਰਾਂ ਤੇ ਕਾਰਵਾਈਆਂ ਦੀ ਜਗ੍ਹਾ ਸਾਈਕਲ ਰੈਲੀਆਂ ਕਰ ਰਹੀ ਹੈ।
ਦੱਸ ਦਈਏ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਖੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਾਈਕਲ ਰੈਲੀ ਕੱਢੀ ਸੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਤੋਂ ਸ਼ੁਰੂ ਹੋਈ ਇਸ ਰੈਲੀ ਲਈ 25 ਹਜ਼ਾਰ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।
ਸਿੱਧੂ ਨੇ ਦਾਅਵਾ ਕੀਤਾ ਕਿ ਇਹ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਸੀ, ਜੋ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਦੇ ਖ਼ਿਲਾਫ਼ ਕੀਤੀ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦੂਰੀ ਤੱਕ ਸਾਈਕਲ ਵੀ ਚਲਾਇਆ। ਮਾਨ ਨੇ ਉਥੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਇਹ ਰੈਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਕੀਤੀ ਗਈ ਹੈ।