Jalandhar News : ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੀ ਵਧਦੀ ਲੋਕਪ੍ਰਿਅਤਾ ਕਾਰਨ ਖ਼ੌਫ਼ ਵਿੱਚ ਹਨ। 'ਆਪ' ਨੇਤਾ ਅਤੇ ਵਰਕਰ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਜਾਂਚ ਦੇ ਖ਼ਿਲਾਫ਼ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ 'ਆਪ' ਲੀਡਰਾਂ ਨੂੰ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਰੋਕ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ‘ਆਪ’ ਪੰਜਾਬ ਨੇ ਭਾਜਪਾ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ।

‘ਆਪ’ ਆਗੂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮਹਿੰਦਰ ਭਗਤ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸਕੱਤਰ ਰਾਜਵਿੰਦਰ ਕੌਰ ਥਿਆੜਾ, ਜਗਰੂਪ ਸੇਖਵਾਂ ਅਤੇ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਅੱਜ ਇਸ ਮਾਮਲੇ ਨੂੰ ਲੈ ਕੇ ਇੱਥੇ ਜਲੰਧਰ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਪੁਰਾਣੀਆਂ ਪਾਰਟੀਆਂ ਹਨ, ਪਰ ‘ਆਪ’ ਨੇ ਸਿਰਫ਼ 10 ਸਾਲਾਂ ਵਿੱਚ ਹੀ ਕੌਮੀ ਪਾਰਟੀ ਦਾ ਖ਼ਿਤਾਬ ਹਾਸਲ ਕਰ ਲਿਆ ਹੈ।  ਅਸੀਂ ਜਿੱਥੇ ਵੀ ਚੋਣਾਂ ਲੜ ਰਹੇ ਹਾਂ ਉੱਥੇ ਲੋਕਾਂ ਦਾ ਸਮਰਥਨ ਵੀ ਹਾਸਲ ਕਰ ਰਹੇ ਹਾਂ।  ਚੀਮਾ ਨੇ ਕਿਹਾ ਕਿ ਸਿਰਫ਼ 10 ਸਾਲਾਂ ਵਿੱਚ 'ਆਪ' ਦੀ ਦੋ ਰਾਜਾਂ ਵਿੱਚ ਸਰਕਾਰ ਹੈ ਅਤੇ ਇਸ ਦੇ ਨਾਲ ਹੀ ਗੁਜਰਾਤ ਅਤੇ ਗੋਆ ਦੀਆਂ ਚੋਣ ਵਿੱਚ ਕ੍ਰਮਵਾਰ 13 ਫ਼ੀਸਦੀ ਅਤੇ 6 ਫ਼ੀਸਦੀ ਵੋਟ ਸ਼ੇਅਰ ਪ੍ਰਾਪਤ ਕੀਤੇ ਹਨ। ਭਾਜਪਾ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੋਂ ਡਰ ਗਈ ਹੈ।

ਚੀਮਾ ਨੇ ਕਿਹਾ ਕਿ ਆਮ ਲੋਕ ‘ਆਪ’ ਦੇ ਨਾਲ ਹਨ, ਉਹ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਪਸੰਦ ਕਰਦੇ ਹਨ।  ਰਵਾਇਤੀ ਪਾਰਟੀਆਂ ਨੇ 70 ਸਾਲਾਂ ਤੱਕ ਆਮ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਮਿਆਰੀ ਇਲਾਜ ਤੋਂ ਵਾਂਝਾ ਰੱਖਿਆ।  ਪਰ ਪਹਿਲਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਇਹ ਸਭ ਕੁੱਝ ਸੰਭਵ ਕੀਤਾ ਅਤੇ ਆਮ ਅਤੇ ਗ਼ਰੀਬ ਲੋਕਾਂ ਦੀ ਪਹੁੰਚ ਵਿੱਚ ਕੀਤਾ ਅਤੇ ਹੁਣ ਪੰਜਾਬ ਦੀ ਮਾਨ ਸਰਕਾਰ ਸੂਬੇ ਦੇ ਲੋਕਾਂ ਲਈ ਅਜਿਹਾ ਹੀ ਕਰ ਰਹੀ ਹੈ।  ਪਰ ਭਾਜਪਾ ਸਰਕਾਰ ਵਿਰੋਧੀ ਨੇਤਾਵਾਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਅੱਜ ਸਿੱਖਿਆ ਅਤੇ ਸਿਹਤ ਕ੍ਰਾਂਤੀ ਨੂੰ ਹਕੀਕਤ ਬਣਾਉਣ ਵਾਲੇ ਆਗੂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਝੂਠੇ ਕੇਸਾਂ ਵਿੱਚ ਜੇਲ੍ਹ ਵਿੱਚ ਹਨ। ਪਰ ਮੋਦੀ ਦੇ ਸਰਮਾਏਦਾਰ ਦੋਸਤ ਅੰਬਾਨੀ-ਅਡਾਨੀ ਸਾਡੇ ਦੇਸ਼ ਨੂੰ ਲੁੱਟ ਰਹੇ ਹਨ।

ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਭ ਤੋਂ ਇਮਾਨਦਾਰ ਨੇਤਾ ਹਨ ਅਤੇ ਭਾਜਪਾ ਉਨ੍ਹਾਂ ਨੂੰ ਡਰਾ ਨਹੀਂ ਸਕਦੀ।  ਉਹ ਅੱਜ ਬਿਨਾਂ ਡਰ ਅਤੇ ਕਿਸੇ ਬਹਾਨੇ ਸੀਬੀਆਈ ਦੇ ਦਫ਼ਤਰ ਪੁੱਜੇ ਅਤੇ ਜਾਂਚ ਵਿੱਚ ਏਜੰਸੀ ਨਾਲ ਸਹਿਯੋਗ ਕਰਨਗੇ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕੀਤਾ, ਪਰ ਉਨ੍ਹਾਂ ਨੂੰ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਰੋਕ ਦਿੱਤਾ ਗਿਆ, ਜਿੱਥੇ ਕਿਸਾਨਾਂ ਨੂੰ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਰੋਕਿਆ ਗਿਆ। ਚੀਮਾ ਨੇ ਕਿਹਾ ਕਿ ਭਾਜਪਾ ਲੋਕਤੰਤਰ ਦੀ ਕਾਤਲ ਪਾਰਟੀ ਹੈ।  ਵਿਰੋਧ ਕਰਨਾ ਹਰ ਕਿਸੇ ਦਾ ਅਧਿਕਾਰ ਹੈ, ਪਰ ਭਾਜਪਾ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਅਤੇ ਮਜ਼ਬੂਤ ​​ਵਿਰੋਧੀ ਨੇਤਾਵਾਂ ਨੂੰ ਖਤਮ ਕਰਨਾ ਚਾਹੁੰਦੀ ਹੈ।



ਚੀਮਾ ਨੇ ਅੱਗੇ ਕਿਹਾ ਕਿ ਅਸੀਂ ਪੰਜਾਬ ਵਿੱਚ ਉਹੀ ਸ਼ਰਾਬ ਨੀਤੀ ਲਾਗੂ ਕੀਤੀ ਹੈ ਅਤੇ ਇਸ ਤੋਂ ਹੋਣ ਵਾਲੀ ਆਮਦਨ ਵਿੱਚ 41 ਫ਼ੀਸਦੀ ਵਾਧਾ ਹੋਇਆ ਹੈ, ਜੇਕਰ ਇਹ ਚੰਗੀ ਨੀਤੀ ਨਹੀਂ ਸੀ ਤਾਂ ਮਾਲੀਆ ਇੰਨਾ ਕਿਵੇਂ ਵਧਿਆ। ਉਨ੍ਹਾਂ ਕਿਹਾ ਕਿ ਭਾਜਪਾ ਨਹੀਂ ਚਾਹੁੰਦੀ ਕੇ ਸਾਡੇ ਦੇਸ਼ ਵਿਚੋਂ ਮਾਫੀਆ ਰਾਜ ਅਤੇ ਸ਼ਰਾਬ ਮਾਫੀਆ ਖਤਮ ਹੋਵੇ। ਇਸ ਸਾਰੀ ਘਟਨਾ ਅਤੇ ਉਨ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਨੇ ਉਨ੍ਹਾਂ ਦਾ ਜਮਹੂਰੀਅਤ ਵਿਰੋਧੀ ਚਿਹਰਾ ਨਸ਼ਰ ਕਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਗਾਮੀ ਜਲੰਧਰ ਉਪ ਚੋਣ ਵਿੱਚ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਹੀ ਵੋਟ ਦੇਣ ਜੋ ਆਮ ਲੋਕਾਂ ਲਈ ਕੰਮ ਕਰ ਰਹੇ ਹਨ ਅਤੇ ਵਿਕਾਸ ਦਾ ਏਜੰਡਾ ਰੱਖਦੇ ਹੋਣ।