Jalandhar Lok Sabha Elections: ਪੰਜਾਬ ਦੇ ਜਲੰਧਰ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ (ਹੁਣ ਭਾਜਪਾ ਵਿੱਚ) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਰ ਅੱਜ ਉਨ੍ਹਾਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਗੁਰਾਲ ਨੇ ਚੋਣਾਂ ਖ਼ਤਮ ਹੁੰਦੇ ਹੀ ਭਾਜਪਾ ਤੋਂ ਦੂਰੀ ਬਣਾ ਲਈ। ਦੱਸ ਦੇਈਏ ਕਿ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖਿਆ ਹੈ।


ਅਸਤੀਫਾ ਵਾਪਸ ਲੈਣ ਦੀ ਵਜ੍ਹਾ


ਅੰਗੁਰਾਲ ਨੇ ਪੱਤਰ 'ਚ ਕਿਹਾ ਹੈ ਕਿ ਜੇਕਰ ਹੁਣ ਤੱਕ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਂਦਾ ਤਾਂ ਪੱਛਮੀ ਹਲਕੇ 'ਚ ਮੁੜ ਚੋਣਾਂ ਕਰਵਾਉਣੀਆਂ ਪੈਂਦੀਆਂ, ਜਿਸ ਨਾਲ ਸਰਕਾਰ ਦੇ ਚੋਣ ਖਰਚੇ ਵਧ ਸਕਦੇ ਹਨ। ਇਸ ਕਾਰਨ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਦੇ ਸਪੀਕਰ ਨੇ 3 ਜੂਨ ਨੂੰ ਅੰਗੁਰਲ ਬੁਲਾਇਆ ਸੀ। ਪਰ ਇਸ ਤੋਂ ਪਹਿਲਾਂ ਹੀ ਅੰਗੁਰਾਲ ਨੇ ਖੁਦ ਹੀ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ। ਫਿਲਹਾਲ ਇਸ ਸਬੰਧੀ ਵਿਧਾਇਕ ਅੰਗੁਰਾਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।


ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕ ਅੰਗੁਰਾਲ ਭਾਜਪਾ 'ਚ ਸ਼ਾਮਲ ਹੋ ਗਏ ਸਨ ਅਤੇ ਅਗਲੇ ਹੀ ਦਿਨ ਉਨ੍ਹਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ। ਅੰਗੁਰਲ 'ਆਪ' ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ (ਹੁਣ ਭਾਜਪਾ ਵਿੱਚ) ਦੇ ਨਾਲ ਦਿੱਲੀ ਸਥਿਤ ਭਾਜਪਾ ਦਫ਼ਤਰ ਪਹੁੰਚੇ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ।


ਜਾਣੋ ਕਿਉਂ ਕਿਹਾ ਗਿਆ ਪਾਰਟੀ ਦਾ ਗੱਦਾਰ


ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਾਰਟੀ ਦਾ ਗੱਦਾਰ ਵੀ ਕਿਹਾ ਗਿਆ। ਇਸ ਮਗਰੋਂ ਜ਼ਿਲ੍ਹਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।


ਆਪ੍ਰੇਸ਼ਨ ਲੋਟਸ ਦਾ ਮੁੱਖ ਸ਼ਿਕਾਇਤਕਰਤਾ 


ਪੰਜਾਬ ਦੀ ਰਾਜਨੀਤੀ ਵਿੱਚ ਭੂਚਾਲ ਲਿਆਉਣ ਵਾਲੇ ਲੋਟਸ ਦੀ ਮੁੱਖ ਸ਼ਿਕਾਇਤਕਰਤਾ ਸ਼ੀਤਲ ਅੰਗੁਰਾਲ ਹੈ। ਕਰੀਬ ਡੇਢ ਸਾਲ ਪਹਿਲਾਂ  ਆਪਰੇਸ਼ਨ ਲੋਟਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਜਲੰਧਰ ਪੱਛਮੀ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਬਿਆਨ ਦਰਜ ਕਰਵਾਏ ਸਨ।


ਮੁਹਾਲੀ ਥਾਣੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ। ਪਰ ਡੇਢ ਸਾਲ ਬੀਤ ਜਾਣ 'ਤੇ ਵੀ ਵਿਜੀਲੈਂਸ ਦੀ ਜਾਂਚ 'ਚ ਅਜਿਹਾ ਕੋਈ ਤੱਥ ਸਾਹਮਣੇ ਨਹੀਂ ਆਇਆ, ਜਿਸ ਨਾਲ ਇਸ ਮਾਮਲੇ 'ਚ ਕਿਸੇ ਦਾ ਨਾਂ ਲਿਆ ਜਾ ਸਕੇ। ਦੂਜੇ ਪਾਸੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਕੱਲ੍ਹ ਕਿਹਾ ਸੀ ਕਿ ਆਪ੍ਰੇਸ਼ਨ ਲੋਟਸ ਦੇ ਮਾਮਲੇ 'ਚ ਕੀ ਹੋਇਆ, ਇਸ ਬਾਰੇ ਉਹ ਜਲਦ ਹੀ ਵੱਡਾ ਖੁਲਾਸਾ ਕਰਨਗੇ।