Jalandhar News: ਜਲੰਧਰ ਦੇ ਲਤੀਫ਼ਪੁਰਾ ਵਿੱਚ ਘਰ ਢਾਹੁਣ ਦੇ ਮਾਮਲੇ ਉੱਪਰ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਲੋਕਾਂ ਨੇ ਫਲੈਟ ਲੈਣ ਤੋਂ ਮੁੜ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਲਤੀਫ਼ਪੁਰਾ ਦੇ 50 ਤੋਂ ਵੱਧ ਪਰਿਵਾਰਾਂ ਨੂੰ ਨਗਰ ਸੁਧਾਰ ਟਰੱਸਟ ਵੱਲੋਂ ਉਜਾੜੇ ਜਾਣ ਖ਼ਿਲਾਫ਼ ਨਵੇਂ ਸਾਲ ਦੇ ਪਹਿਲੇ ਦਿਨ ਪੀਏਪੀ ਚੌਕ ’ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਨੇ ਢਾਈ ਘੰਟੇ ਤੱਕ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕਰੀ ਰੱਖਿਆ।


ਉਧਰ, ਇੰਮਰੂਵਮੈਂਟ ਟਰੱਸਟ ਵੱਲੋਂ ਹੋਰ ਥਾਂ ਫਲੈਟ ਦੇਣ ਦੀ ਦਿੱਤੀ ਗਈ ਪੇਸ਼ਕਸ਼ ਨੂੰ ਠੁਕਰਾਉਂਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਜਾੜੇ ਵਾਲੀ ਜਗ੍ਹਾ ਉੱਪਰ ਹੀ ਪੀੜਤ ਲੋਕਾਂ ਦਾ ਮੁੜ ਵਸੇਬਾ ਨਾ ਕੀਤਾ, ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਨਾ ਦਿੱਤਾ ਤੇ ਲੋਕਾਂ ਨਾਲ ਵਧੀਕੀ ਕਰਨ ਵਾਲੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਧੰਨੋਵਾਲੀ ਨੇੜੇ ਚਾਰ ਘੰਟੇ ਲਈ ਕੌਮੀ ਮਾਰਗ ਤੇ ਰੇਲਵੇ ਲਾਈਨਾਂ ’ਤੇ ਜਾਮ ਲਗਾਇਆ ਜਾਵੇਗਾ।


ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਨੇ ਐਲਾਨ ਕੀਤਾ ਕਿ ਜੇਕਰ ਉਜਾੜੇ ਗਏ ਲੋਕਾਂ ਨੂੰ ਲਤੀਫ਼ਪੁਰਾ ਵਿੱਚ ਮੁੜ ਵਸਾਉਣ ਫ਼ੈਸਲਾ ਨਾ ਕੀਤਾ ਗਿਆ ਤਾਂ 16 ਜਨਵਰੀ ਨੂੰ ਰੇਲਵੇ ਲਾਈਨ ਤੇ ਕੌਮੀ ਮਾਰਗ ਨੂੰ ਇੱਕੋ ਸਮੇਂ ਜਾਮ ਕੀਤਾ ਜਾਵੇਗਾ। ਮੋਰਚੇ ਦੇ ਆਗੂਆਂ ਨੇ ਜਾਮ ਕਾਰਨ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਦਾ ਜ਼ਿਕਰ ਕਰਦਿਆਂ ਦੁੱਖ ਵੀ ਪ੍ਰਗਟਾਇਆ ਪਰ ਉਨ੍ਹਾਂ ਨਗਰ ਸੁਧਾਰ ਟਰੱਸਟ ਵੱਲੋਂ ਉਜਾੜੇ ਗਏ ਲੋਕਾਂ ਦੇ ਦੁੱਖ ਨੂੰ ਕੁਝ ਘੰਟਿਆਂ ਦੇ ਜਾਮ ਨਾਲੋਂ ਕਿਤੇ ਵੱਡਾ ਦੱਸਿਆ।


ਇਹ ਵੀ ਪੜ੍ਹੋ: Ludhiana News: ਨੌਜਵਾਨਾਂ ਦੀ ਪਹਿਲ! ਕਿਲ੍ਹਾ ਰਾਏਪੁਰ 'ਚ 21 ਤੇ 22 ਜਨਵਰੀ ਨੂੰ ਹੋਣਗੀਆਂ ਮਿੰਨੀ ਪੇਂਡੂ ਓਲੰਪਿਕ ਖੇਡਾਂ


ਪੁਲਿਸ ਨੇ ਕੌਮੀ ਮਾਰਗ ਦੀ ਆਵਾਜਾਈ ਨੂੰ ਬਦਲਵੇਂ ਰੂਟਾਂ ’ਤੇ ਲੰਘਾਉਣ ਦੇ ਪ੍ਰਬੰਧ ਕੀਤੇ ਹੋਏ ਸਨ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਸਹੀ ਰਾਹ ਦੱਸਣ ਦੀ ਥਾਂ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਪਿੰਡਾਂ ਦੇ ਅਜਿਹੇ ਅਣਜਾਣ ਰਾਹਾਂ ਵੱਲ ਮੋੜਦੇ ਰਹੇ, ਜਿਸ ਕਾਰਨ ਲੋਕ ਡਾਢੇ ਪ੍ਰੇਸ਼ਾਨ ਹੋਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।