Ludhiana News: ਪੰਜਾਬ ਦੇ ਨਾਲ ਹੀ ਵਿਦੇਸ਼ਾਂ ਤੱਕ ਪ੍ਰਸਿੱਧ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਇਸ ਵਾਰ 21 ਤੇ 22 ਜਨਵਰੀ ਨੂੰ ਦੋ ਦਿਨ ਕਰਵਾਈਆਂ ਜਾਣਗੀਆਂ। ਇਹ ਉਪਰਾਲਾ ਪਿੰਡ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਖੇਡਾਂ ’ਤੇ 15 ਤੋਂ 20 ਲੱਖ ਰੁਪਏ ਦਾ ਖਰਚ ਕੀਤਾ ਜਾਵੇਗਾ, ਜਿਸ ਵਿੱਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਤੋਂ ਇਲਾਵਾ ਹੋਰ ਪ੍ਰਬੰਧ ਸ਼ਾਮਲ ਹਨ।


ਦੱਸ ਦਈਏ ਕਿ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਪਿਛਲੇ ਕਈ ਸਾਲਾਂ ਤੋਂ ਸਿਆਸਤ ਦੀ ਭੇਟ ਚੜ੍ਹਦੀਆਂ ਆ ਰਹੀਆਂ ਹਨ। ਇਸ ਵਾਰ ਇਹ ਪਿੰਡ ਦੇ ਨੌਜਵਾਨਾਂ ਦੀ ਕੋਸ਼ਿਸ਼ ਸਦਕਾ ਮੁੜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਖੇਡਾਂ 21 ਤੇ 22 ਜਨਵਰੀ ਨੂੰ ਦੋ ਦਿਨ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਵਿੱਚ ਲੁਧਿਆਣਾ ਤੋਂ ‘ਆਪ’ ਦੇ ਸਾਰੇ ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਹੈ।


ਮਿਨੀ ਪੇਂਡੂ ਓਲੰਪਿਕ ਖੇਡਾਂ ਵਜੋਂ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਸ਼ੁਰੂ ਹੋਣ ਨਾਲ ਪ੍ਰਸ਼ੰਸ਼ਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਤੋਂ ਦੂਰ ਰਹਿੰਦਿਆਂ ਪਿੰਡ ਦੇ ਨੌਜਵਾਨਾਂ ਨੇ ਇਹ ਖੇਡਾਂ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਕਰਵਾਉਣ ਦਾ ਫ਼ੈਸਲਾ ਕੀਤਾ ਹੈ।


ਦੋ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ ਲੜਕੇ-ਲੜਕੀਆਂ, ਤਵੀਆਂ ਦੇ ਮੁਕਾਬਲੇ, ਹਾਕੀ, ਟਰੈਕਟਰ ਸ਼ੋਅ, ਪੈਰਾ ਗਲਾਈਡਿੰਗ, ਬਾਜ਼ੀਗਰ ਸ਼ੋਅ, ਰੱਸਾਕਸ਼ੀ, ਵਿਅਕਤੀਗਤ ਕਰਤੱਬ, ਬਜ਼ੁਰਗਾਂ ਦੀ ਦੌੜ, ਟਰਾਲੀ ਲੋਡਿੰਗ-ਅਨਲੋਡਿੰਗ, ਰਿਕਸ਼ਾ ਦੌੜ, ਗਿੱਧਾ-ਭੰਗੜਾ ਅਤੇ ਨਿਹੰਗ ਸਿੰਘਾਂ ਦੇ ਕਰਤੱਬ ਮੁੱਖ ਆਕਰਸ਼ਨ ਦਾ ਕੇਂਦਰ ਹੋਣਗੇ।


ਇਹ ਵੀ ਪੜ੍ਹੋ: Viral Video: ਜਿਸ ਟਰੇਨ ਤੋਂ ਉਤਰਿਆ, ਭੱਜ ਕੇ ਅਗਲੇ ਸਟੇਸ਼ਨ 'ਤੇ ਉਸੇ ਟਰੇਨ 'ਤੇ ਵਾਪਸ ਆ ਗਿਆ! ਇਸ ਵਿਅਕਤੀ ਦੀ ਸਪੀਡ ਦੇਖ ਕੇ ਹਰ ਕੋਈ ਹੈਰਾਨ ਹੈ


ਪਿੰਡ ਦੇ ਯੂਥ ਕਲੱਬ ਦੇ ਖਜ਼ਾਨਚੀ ਦਿਲਪ੍ਰੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਰਮਜੀਤ ਸਿੰਘ ਇਸ ਕਲੱਬ ਦੇ ਪ੍ਰਧਾਨ ਹਨ, ਜਦੋਂਕਿ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਚੇਅਰਮੈਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੇ ਮੈਂਬਰਾਂ ਵੱਲੋਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇਹ ਬੀੜਾ ਚੁੱਕਿਆ ਗਿਆ ਹੈ। ਇਨ੍ਹਾਂ ਖੇਡਾਂ ’ਤੇ 15 ਤੋਂ 20 ਲੱਖ ਰੁਪਏ ਦਾ ਖਰਚ ਕੀਤਾ ਜਾਵੇਗਾ, ਜਿਸ ਵਿੱਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਤੋਂ ਇਲਾਵਾ ਹੋਰ ਪ੍ਰਬੰਧ ਸ਼ਾਮਲ ਹਨ।