Ludhiana News: ਲੁਧਿਆਣਾ ਵਿੱਚ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਢਾਈ ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਕੇ ਸ਼ਖਸ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਮਗਰੋਂ ਸਵਾਲ ਖੜ੍ਹੇ ਹੋਣ ਲੱਗੇ ਹਨ ਕਿ ਲੋਕਾਂ ਦਾ ਪੁਲਿਸ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ ਤੇ ਉਹ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਲੱਗੇ ਹਨ। ਕੁਝ ਦਿਨ ਪਹਿਲਾਂ ਵੀ ਲੁਧਿਆਣਾ ਵਿੱਚ ਅਜਿਹੀ ਘਟਨਾ ਵਾਪਰੀ ਸੀ ਜਦੋਂ ਚੋਰੀ ਦੇ ਸ਼ੱਕ ਵਿੱਚ ਲੋਕਾਂ ਨੇ ਦੋ ਨੌਜਵਾਨਾਂ ਨੂੰ ਨੰਗਾ ਕਰਕੇ ਕੁੱਟਿਆ ਸੀ।


ਹਾਸਲ ਜਾਣਕਾਰੀ ਮੁਤਾਬਕ ਭਾਮੀਆਂ ਕਲਾਂ ਦੇ ਰਾਮ ਨਗਰ ਇਲਾਕੇ ਵਿੱਚ ਘਰ ਦੇ ਬਾਹਰ ਖੇਡ ਰਹੀ ਇੱਕ ਢਾਈ ਸਾਲਾ ਬੱਚੀ ਨੂੰ ਅਗਵਾ ਕਰਕੇ ਫ਼ਰਾਰ ਹੋਣ ਲੱਗੇ ਪਿੰਡ ਝਾਬੇਵਾਲ ਦੇ ਰਹਿਣ ਵਾਲੇ ਜਗਜਤਿਨ ਸਿੰਘ ਨੂੰ ਲੋਕਾਂ ਨੇ ਕਾਬੂ ਕਰ ਲਿਆ। ਲੋਕਾਂ ਨੇ ਮੁਲਜ਼ਮ ਦੀ ਕਾਫੀ ਕੁੱਟਮਾਰ ਕੀਤੀ ਤੇ ਬੱਚੀ ਨੂੰ ਉਸ ਦੇ ਚੁੰਗਲ ’ਚੋਂ ਆਜ਼ਾਦ ਕਰਵਾਇਆ। ਉਸ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। 



ਥਾਣਾ ਜਮਾਲਪੁਰ ਦੀ ਪੁਲਿਸ ਨੇ ਜ਼ਖ਼ਮੀ ਹਾਲਤ ਵਿੱਚ ਜਗਜਤਿਨ ਸਿੰਘ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਪੀਜੀਆਈ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਲਾਂਕਿ, ਇਸ ਮਾਮਲੇ ’ਚ ਥਾਣਾ ਜਮਾਲਪੁਰ ਦੀ ਪੁਲਿਸ ਨੇ ਭਾਮੀਆਂ ਕਲਾਂ ਦੇ ਰਾਮ ਨਗਰ ਇਲਾਕੇ ’ਚ ਰਹਿਣ ਵਾਲੇ ਕਨ੍ਹੱਈਆ ਕੁਮਾਰ ਦੀ ਸ਼ਿਕਾਇਤ ’ਤੇ ਜਗਜਤਿਨ ਸਿੰਘ ਖਿਲਾਫ਼ ਅਗਵਾ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਸੀ।



ਕਨ੍ਹੱਈਆ ਕੁਮਾਰ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ 29 ਦਸੰਬਰ ਸ਼ਾਮ ਨੂੰ ਢਾਈ ਸਾਲਾਂ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸੇ ਦੌਰਾਨ ਮੁਲਜ਼ਮ ਉੱਥੋਂ ਲੰਘਿਆ ਤੇ ਉਸ ਦੀ ਲੜਕੀ ਨੂੰ ਅਗਵਾ ਕਰ ਕੇ ਫ਼ਰਾਰ ਹੋਣ ਲੱਗਿਆ। ਇਸੇ ਦੌਰਾਨ ਕਨ੍ਹੱਈਆ ਕੁਮਾਰ ਦੀ ਪਤਨੀ ਪੁਨੀਤਾ ਰਾਏ ਨੇ ਰੌਲਾ ਪਾ ਦਿੱਤਾ, ਜਿਸ ’ਤੇ ਮੁਲਜ਼ਮ ਨੂੰ ਲੋਕਾਂ ਨੇ ਕਾਬੂ ਕਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਬੱਚੀ ਨੂੰ ਸਹੀ ਸਲਾਮਤ ਉਸ ਦੇ ਚੁੰਗਲ ’ਚੋਂ ਛੁਡਵਾ ਲਿਆ। ਉਪਰੰਤ ਘਟਨਾ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ।


ਥਾਣਾ ਜਮਾਲਪੁਰ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਮੁਲਜ਼ਮ ਨੂੰ ਕਾਬੂ ਕਰ ਕੇ ਲੈ ਗਈ। ਉਸ ਦੀ ਹਾਲਤ ਖਰਾਬ ਹੋਣ ਕਾਰਨ ਪੁਲਿਸ ਉਸ ਨੂੰ ਸਥਾਨਕ ਸਿਵਲ ਹਸਪਤਾਲ ਲੈ ਗਈ। ਉੱਥੇ ਉਸ ਦੀ ਹਾਲਤ ਗੰਭੀਰ ਹੋਣ ਕਰ ਕੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ, ਜਿੱਥੇ ਮੁਲਜ਼ਮ ਦੀ ਇਲਾਜ ਦੌਰਾਨ ਮੌਤ ਹੋ ਗਈ। 


ਥਾਣਾ ਜਮਾਲਪੁਰ ਦੇ ਐਸਐਚਓ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਵਾਲਿਆਂ ਨੇ ਕਾਰਵਾਈ ਕਰਵਾਉਣ ਤੋਂ ਮਨਾਂ ਕਰ ਦਿੱਤਾ ਹੈ ਜਿਸ ਕਰਕੇ ਹੁਣ 174 ਦੀ ਕਾਰਵਾਈ ਕਰ ਦਿੱਤੀ ਜਾਵੇਗੀ ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।