Jalandhar News: ਪੰਜਾਬ ਦੇ ਪਸ਼ੂਆਂ ਉੱਪਰ ਜੰਮੂ-ਕਸ਼ਮੀਰ ਦੇ ਗਰੋਹ ਦਾ ਸਾਇਆ ਹੈ। ਇਹ ਗਰੋਹ ਸਕਾਰਪੀਓ ਤੇ ਕਾਲੀ ਬਲੈਰੋ ਉੱਪਰ ਸਵਾਰ ਹੋ ਆਉਂਦਾ ਹੈ ਤੇ ਪਸ਼ੂ ਲੈ ਕੇ ਫਰਾਰ ਹੋ ਜਾਂਦਾ ਹੈ। ਪਿਛਲੇ ਦੋ ਮਹੀਨਿਆਂ ਅੰਦਰ ਹੀ ਇਹ ਗਰੋਹ ਮੱਝਾਂ, ਭੇਡਾਂ ਤੇ ਬਕਰੀਆਂ ਦੇ ਵਾੜਿਆਂ 'ਤੇ ਹੱਲਾ ਬੋਲ ਕੇ 500 ਤੋਂ ਵੱਧ ਪਸ਼ੂ ਲੁੱਟ ਕੇ ਲੈ ਗਿਆ ਹੈ। ਸਾਬਕਾ ਵਿਧਾਇਕ ਤਰਸੇਮ ਜੋਧਾ ਨੇ ਇਲਜ਼ਾਮ ਲਾਇਆ ਹੈ ਕਿ ਪਸ਼ੂ ਲੁੱਟ ਕੇ ਲੈ ਜਾਣ ਵਾਲੇ ਜੰਮੂ-ਕਸ਼ਮੀਰ ਦੇ ਗਰੋਹ ਖ਼ਿਲਾਫ਼ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।  
ਤਰਸੇਮ ਜੋਧਾ ਨੇ ਦੱਸਿਆ ਕਿ ਕਠਾਰ ਦੇ ਖੇਤਰ 'ਚ ਰਹਿਣ ਵਾਲੇ ਲਿਆਕਤ ਅਲੀ ਤੇ ਮੱਖਣ ਨਾਂ ਦੇ ਵਿਅਕਤੀਆਂ ਦੀ ਸਰਪਰਸਤੀ ਹੇਠ 15-20 ਲੁਟੇਰਿਆਂ ਦਾ ਗਰੋਹ ਬਣਇਆ ਹੋਇਆ ਹੈ। ਇਸ ਗਰੋਹ ਦੇ ਮੈਂਬਰ ਦਿਨ ਵੇਲੇ ਪਸ਼ੂਆਂ ਦੇ ਵਾੜਿਆਂ ਦੀ ਰੇਕੀ ਕਰਦੇ ਹਨ ਤੇ ਰਾਤ ਸਮੇਂ ਸਕਾਰਪੀਓ ਤੇ ਕਾਲੇ ਰੰਗ ਦੀ ਬਲੈਰੋ ਗੱਡੀ 'ਚ ਆ ਕੇ ਹਮਲਾ ਕਰ ਦਿੰਦੇ ਹਨ। 


ਤਰਸੇਮ ਜੋਧਾ ਨੇ ਦੱਸਿਆ ਕਿ 10 ਜੂਨ 2022 ਨੂੰ ਇਸ ਗਰੋਹ ਨੇ ਉਨ੍ਹਾਂ ਦੀ ਮੱਝਾਂ ਵਾਲੀ ਹਵੇਲੀ 'ਤੇ ਧਾਵਾ ਬੋਲ ਕੇ ਉਨ੍ਹਾਂ ਦੇ ਕਰਿੰਦਿਆਂ ਨੂੰ ਬੰਧਕ ਬਣਾਇਆ ਤੇ 10 ਮੱਝਾਂ ਲੈ ਗਏ ਸਨ। ਉਨ੍ਹਾਂ ਵੱਲੋਂ ਵਾਰਦਾਤ ਦੇ ਕਰੀਬ 25 ਮਿੰਟ ਬਾਅਦ ਹੀ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ, ਜਿਸ ਦੇ ਬਾਵਜੂਦ ਪੁਲਿਸ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਸਕੀ।


ਜੋਧਾ ਨੇ ਦੋਸ਼ ਲਗਾਏ ਕੇ ਪੁਲਿਸ ਸ਼ਿਕਾਇਤ ਦਾ ਨਿਪਟਾਰਾ ਕਰਨ ਦੀ ਬਜਾਏ ਸ਼ਿਕਾਇਤ ਕਰਨ ਵਾਲੇ ਨੂੰ ਹੀ ਦਬਕਾਉਂਦੀ ਹੈ। ਜੋਧਾ ਨੇ ਕਿਹਾ ਕਿ ਜੇਕਰ ਉਨ੍ਹਾਂ ਆਪਣੇ ਤੌਰ 'ਤੇ ਲੁਟੇਰੇ ਗਰੋਹ ਦਾ ਪਤਾ ਲਗਾ ਹੀ ਲਿਆ ਸੀ, ਤਾਂ ਪੁਲਿਸ ਲੁਟੇਰਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ, ਉਨ੍ਹਾਂ 'ਤੇ ਹੀ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਉਂਦੀ ਰਹੀ।


ਇਸ ਮੌਕੇ ਗਡਰੀਆ ਸਮਾਜ ਭਲਾਈ ਸੰਗਠਨ ਦੇ ਅਹੁਦੇਦਾਰਾਂ ਗੱਜਣ ਸਿੰਘ, ਮਲਕੀਤ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਮਾਜ ਦੇ ਲੋਕ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਰਹਿੰਦੇ ਹਨ, ਜਿਨ੍ਹਾਂ ਦਾ ਸਰਮਾਇਆ ਤੇ ਕਾਰੋਬਾਰ ਭੇਡਾਂ-ਬੱਕਰੀਆਂ ਚਰਾਉਣਾ ਹੀ ਹੈ। ਲਗਾਤਾਰ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਕਰਕੇ ਉਨ੍ਹਾਂ ਦੇ ਸਮਾਜ ਦੇ ਬਹੁਤ ਸਾਰੇ ਲੋਕ ਰੋਟੀ ਤੋਂ ਵੀ ਆਵਾਜ਼ਾਰ ਹੋ ਗਏ ਹਨ।


ਇਸ ਮੌਕੇ ਪਿੰਡ ਕਾਹਨਪੁਰ, ਮਕਸੂਦਾਂ ਦੇ ਰਹਿਣ ਵਾਲੇ ਤਰਸੇਮ ਸਿੰਘ ਨੇ ਦੱਸਿਆ ਕਿ ਸਕਾਰਪੀਓ ਤੇ ਕਾਲੀ ਬਲੈਰੋ ਵਾਲਾ ਗਰੋਹ, 20/21-9-2022 ਦੀ ਰਾਤ ਨੂੰ ਇਸੇ ਢੰਗ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਉਸਦੀਆਂ 70 ਭੇਡਾਂ ਤੇ 10 ਬੱਕਰੀਆਂ ਲੁੱਟ ਕੇ ਲੈ ਗਿਆ ਹੈ। ਉਸ ਵੱਲੋਂ ਥਾਣਾ ਮਕਸੂਦਾਂ 'ਚ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਆਧਾਰ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਪਰ ਫਿਲਹਾਲ ਕੋਈ ਵੀ ਕਾਰਵਾਈ ਨਹੀਂ ਹੋਈ।