Ludhiana News: ਸ੍ਰੀ ਮਾਛੀਵਾੜਾ ਸਾਹਿਬ 'ਚ ਪੁਲਿਸ ਨੇ 5 ਲੁਟੇਰਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋ ਰਹੇ ਹਨ। ਇਸ ਗਰੋਹ ਕੋਲੋਂ ਏਐਸਆਈ ਅਤੇ ਕਾਂਸਟੇਬਲ ਰੈਂਕ ਦੀਆਂ ਵਰਦੀਆਂ ਬਰਾਮਦ ਹੋਈਆਂ ਹਨ ਜਿਸ ਤੋਂ ਪਤਾ ਲੱਗਾ ਹੈ ਕਿ ਉਹ ਰਾਤ ਨੂੰ ਪੁਲਿਸ ਮੁਲਾਜ਼ਮ ਬਣ ਕੇ ਨਾਕੇ ਲਗਾ ਕੇ ਰਾਹਗੀਰਾਂ ਨੂੰ ਰੋਕ ਕੇ ਆਪਣਾ ਨਿਸ਼ਾਨਾ ਬਣਾਉਂਦੇ ਸਨ। ਇਸ ਗਿਰੋਹ ਨੇ ਹੁਣ ਤੱਕ 11 ਵਾਰਦਾਤਾਂ ਨੂੰ ਕਬੂਲਿਆ ਹੈ। ਜਿਨ੍ਹਾਂ ਵਿੱਚੋਂ 9 ਵਾਰਦਾਤਾਂ ਮਾਛੀਵਾੜਾ ਸਾਹਿਬ ਅਤੇ 2 ਲੁਧਿਆਣਾ ਵਿੱਚ ਹੋਈਆਂ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 1 ਮਈ ਨੂੰ ਇਸ ਗਰੋਹ ਨੇ ਵਿਜ਼ਨ-ਵੇਅ ਇਮੀਗ੍ਰੇਸ਼ਨ ਨਵਾਂਸ਼ਹਿਰ ਦੇ ਮੁਲਾਜ਼ਮ ਪਵਨਦੀਪ ਸਿੰਘ ਵਾਸੀ ਬੀਜਾ ਨੂੰ ਲੁੱਟ-ਖੋਹ ਦਾ ਨਿਸ਼ਾਨਾ ਬਣਾਇਆ ਸੀ। ਜਦੋਂ ਪਵਨਦੀਪ ਆਪਣੀ ਕਾਰ 'ਚ ਜਾ ਰਿਹਾ ਸੀ ਤਾਂ ਤੜਕੇ ਕਰੀਬ 2.30 ਵਜੇ ਝੜੌਦੀ ਨੇੜੇ ਉਸ ਦੀ ਕਾਰ ਨੇੜੇ ਬਰੇਜ਼ਾ ਕਾਰ ਲਾਈ ਗਈ। ਬ੍ਰੀਜ਼ਾ ਵਿੱਚ 4 ਲੋਕ ਸਨ। ਕਾਰ ਚਲਾ ਰਹੇ ਲੁਟੇਰੇ ਨੇ ਆਪਣੀ ਸ਼ੀਸ਼ਾ ਨੀਵਾਂ ਕਰਕੇ ਪਵਨਦੀਪ ਨੂੰ ਦੱਸਿਆ ਕਿ ਕਾਰ ਦੇ ਟਾਇਰਾਂ ਦੀ ਹਵਾ ਘੱਟ ਸੀ। ਉਦੋਂ ਹੀ ਪਵਨਦੀਪ ਨੇ ਆਪਣੀ ਕਾਰ ਰੋਕ ਕੇ ਟਾਇਰ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਸਨ। ਉਦੋਂ ਹੀ ਤਿੰਨ ਲੁਟੇਰੇ ਬਰੇਜਾ ਵਿੱਚੋਂ ਬਾਹਰ ਆ ਗਏ। ਉਨ੍ਹਾਂ ਪਵਨਦੀਪ ਦੀ ਕੁੱਟਮਾਰ ਕਰਕੇ ਉਸ ਦੇ ਹੱਥੋਂ ਮੋਬਾਈਲ ਫ਼ੋਨ ਖੋਹ ਲਿਆ, ਕਾਰ ਵਿੱਚ ਪਿਆ ਮੋਬਾਈਲ ਫ਼ੋਨ, ਡੈਸ਼ ਬੋਰਡ ਤੋਂ ਪਰਸ ਅਤੇ ਡੈਬਿਟ ਕਾਰਡ ਲੁੱਟ ਲਿਆ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਪਵਨਦੀਪ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।
ਥਾਣਾ ਮਾਛੀਵਾੜਾ ਸਾਹਿਬ ਦੇ ਐਸ.ਐਚ.ਓ ਭਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਮੁਲਜ਼ਮ ਗੁਰਿੰਦਰ ਸਿੰਘ ਗੁਰੀ ਵਾਸੀ ਭੱਟੀਆਂ, ਅਕਾਸ਼ਦੀਪ ਸਿੰਘ ਆਸ਼ੂ ਵਾਸੀ ਰੋਪੜ ਰੋਡ ਮਾਛੀਵਾੜਾ ਸਾਹਿਬ, ਅਮਰਪ੍ਰੀਤ ਸਿੰਘ ਐਮੀ ਵਾਸੀ ਦਸਮੇਸ਼ ਨਗਰ ਮਾਛੀਵਾੜਾ ਸਾਹਿਬ, ਹਰਦੀਪ ਸਿੰਘ ਲੱਕੀ ਵਾਸੀ ਖੁੱਲੜਾ ਮੁਹੱਲਾ ਮਾਛੀਵਾੜਾ ਸਾਹਿਬ, ਹਰਦੀਪ ਸਿੰਘ ਗੁੱਲੂ ਵਾਸੀ ਰਵਿਦਾਸ ਮੁਹੱਲਾ ਰੋਪੜ ਰੋਡ ਮਾਛੀਵਾੜਾ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ।
ਐਸਪੀ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਕੋਲੋਂ ਏਐਸਆਈ ਅਤੇ ਕਾਂਸਟੇਬਲ ਰੈਂਕ ਦੀਆਂ ਵਰਦੀਆਂ ਬਰਾਮਦ ਕੀਤੀਆਂ ਗਈਆਂ ਹਨ। ਗਰੋਹ ਦੇ ਮੈਂਬਰ ਰਾਤ ਨੂੰ ਵਰਦੀਆਂ ਪਾ ਕੇ, ਵਾਹਨਾਂ 'ਤੇ ਜਾਅਲੀ ਨੰਬਰ ਲਗਾ ਕੇ, ਪੈਦਲ ਚੱਲਣ ਵਾਲਿਆਂ ਨੂੰ ਰੋਕ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।