Ludhiana News: ਲੁਧਿਆਣਾ ਦੇ ਇੱਕ ਐਥਲੀਟ ਦੀ ਗੁਰੂ ਨਾਨਕ ਸਟੇਡੀਅਮ ਵਿੱਚ ਮੌਤ ਹੋ ਗਈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਲੰਧਰ ਤੋਂ 54 ਸਾਲਾ ਐਥਲੀਟ ਵਰਿੰਦਰ ਸਿੰਘ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ-3 ਵਿੱਚ ਹਿੱਸਾ ਲੈਣ ਲਈ ਆਇਆ ਸੀ। ਅਥਲੀਟ ਵਰਿੰਦਰ ਆਪਣੇ ਦੋਸਤ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਫੋਨ ਜੇਬ ਵਿੱਚ ਰੱਖਦਿਆਂ ਹੀ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਹ ਡਿੱਗ ਪਿਆ। ਜਦੋਂ ਤੱਕ ਆਸਪਾਸ ਦੇ ਖਿਡਾਰੀ ਉਸ ਨੂੰ ਸੰਭਾਲ ਸਕੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਮੁਕਾਬਲਾ ਸੋਮਵਾਰ ਨੂੰ ਲੁਧਿਆਣਾ ਸਮੇਤ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਇਆ ਅਤੇ ਇਸ ਵਿੱਚ ਅਥਲੈਟਿਕਸ, ਬੇਸਬਾਲ, ਕਿੱਕਬਾਕਸਿੰਗ ਅਤੇ ਲਾਅਨ ਟੈਨਿਸ ਵਰਗੇ ਮੁਕਾਬਲੇ ਸ਼ਾਮਲ ਹਨ। ਜਿਸ ਵਿੱਚ ਨੌਜਵਾਨ ਅਤੇ ਤਜ਼ਰਬੇਕਾਰ ਦੋਵੇਂ ਖਿਡਾਰੀ ਭਾਗ ਲੈ ਰਹੇ ਹਨ ਅਤੇ ਇਹ 9 ਨਵੰਬਰ ਤੱਕ ਜਾਰੀ ਰਹੇਗਾ। ਇਹ ਈਵੈਂਟ ਗੁਰੂ ਨਾਨਕ ਸਟੇਡੀਅਮ, ਮਲਟੀਪਰਪਜ਼ ਹਾਲ, ਸਰਕਾਰੀ ਗਰਲਜ਼ ਸਕੂਲ ਗਿੱਲ ਅਤੇ ਜੱਸੋਵਾਲ ਸਥਿਤ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਵਿਖੇ ਕਰਵਾਏ ਜਾ ਰਹੇ ਹਨ।
ਜਲੰਧਰ ਤੋਂ ਲੁਧਿਆਣਾ ਆਏ ਵਰਿੰਦਰ ਨੇ ਲੰਬੀ ਛਾਲ ਮੁਕਾਬਲੇ ਵਿੱਚ ਭਾਗ ਲਿਆ ਸੀ। ਕੋਚ ਬਿਕਰਮਜੀਤ ਸਿੰਘ ਅਨੁਸਾਰ ਜਦੋਂ ਵਰਿੰਦਰ ਸਿੰਘ ਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਮੈਦਾਨ 'ਚ ਮੌਜੂਦ ਸਨ। ਵਰਿੰਦਰ ਨੇ 3 ਵਜੇ ਤੱਕ ਆਪਣੀ ਖੇਡ ਪੂਰੀ ਕਰ ਲਈ ਸੀ ਅਤੇ ਦੂਜੇ ਐਥਲੀਟਾਂ ਨੂੰ ਦੇਖ ਰਿਹਾ ਸੀ। ਸ਼ਾਮ 5:30 ਵਜੇ ਅਚਾਨਕ ਅਟੈਕ ਆਉਣ ਕਰਕੇ ਜ਼ਮੀਨ 'ਤੇ ਡਿੱਗ ਗਿਆ।
ਅਥਲੀਟ ਕੋਚ ਸੰਜੀਵ ਸ਼ਰਮਾ ਨੇ ਦੱਸਿਆ ਕਿ ਉਹ ਉਸ ਸਮੇਂ ਮੈਦਾਨ 'ਚ ਮੌਜੂਦ ਸਨ। ਜਦੋਂ ਵਰਿੰਦਰ ਦੂਜੇ ਭਾਗੀਦਾਰਾਂ ਨੂੰ ਦੇਖ ਰਿਹਾ ਸੀ ਤਾਂ ਉਸ ਨੂੰ ਅਟੈਕ ਆਇਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨੇੜੇ ਹੀ ਇਕ ਮੈਡੀਕਲ ਟੀਮ ਮੌਜੂਦ ਸੀ, ਜੋ ਉਸ ਨੂੰ ਤੁਰੰਤ ਹਸਪਤਾਲ ਲੈ ਗਈ, ਪਰ ਉੱਥੇ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।