Ludhiana News: ਲੁਧਿਆਣਾ 'ਚ ਇਕ ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਰੋਜ਼ ਸ਼ਰਾਬ ਪੀਂਦਾ ਸੀ। ਉਸ ਦੇ ਸ਼ਰਾਬ ਪੀਣ ਕਰਕੇ ਅਕਸਰ ਘਰ ਵਿੱਚ ਕਲੇਸ਼ ਰਹਿੰਦਾ ਸੀ। ਦੱਸ ਦਈਏ ਕਿ ਇਹ ਘਟਨਾ ਟਿੱਬਾ ਰੋਡ ਦੇ ਸੁਭਾਸ਼ ਨਗਰ ਦੀ ਹੈ। ਮ੍ਰਿਤਕ ਦੀ ਪਛਾਣ ਸ਼ਿਵ ਸ਼ੰਕਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀਣ ਲਈ ਆਪਣੀ ਪਤਨੀ ਤੋਂ ਪੈਸੇ ਮੰਗਦਾ ਸੀ। ਬੀਤੇ ਦਿਨੀਂ ਜਦੋਂ ਉਸ ਦੀ ਪਤਨੀ ਨੇ ਸ਼ਿਵ ਸ਼ੰਕਰ ਨੂੰ ਸ਼ਰਾਬ ਦੇ ਲਈ ਪੈਸੇ ਨਾ ਦਿੱਤੇ ਤਾਂ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।



ਮ੍ਰਿਤਕ ਸ਼ਿਵ ਸ਼ੰਕਰ ਮਿਸਤਰੀ ਦਾ ਕੰਮ ਕਰਦਾ ਸੀ


ਜਾਣਕਾਰੀ ਦਿੰਦਿਆਂ ਹੋਇਆਂ ਹੈੱਡ ਕਾਂਸਟੇਬਲ ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ਿਵ ਸ਼ੰਕਰ ਮਿਸਤਰੀ ਦਾ ਕੰਮ ਕਰਦਾ ਸੀ। ਉਹ ਆਰਥਿਕ ਪੱਖੋਂ ਬਹੁਤ ਕਮਜ਼ੋਰ ਸੀ। ਉਸ ਦੇ 4 ਬੱਚੇ ਹਨ। ਪਤਨੀ ਸਵੀਤਾ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮ੍ਰਿਤਕ ਦੀ ਪਤਨੀ ਸਵੀਤਾ ਕੰਮ ਤੋਂ ਘਰ ਪਰਤੀ। ਤਾਂ ਉਦੋਂ ਉਸ ਨੇ ਦੇਖਿਆ ਕਿ ਉਸ ਦਾ ਪਤੀ ਫਾਹੇ ਨਾਲ ਲਟਕਿਆ ਹੋਇਆ ਸੀ, ਉਸ ਨੇ ਮਕਾਨ ਮਾਲਕ ਅਤੇ ਟਿੱਬਾ ਥਾਣਾ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।



ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ


ਮ੍ਰਿਤਕ ਸ਼ਿਵ ਸ਼ੰਕਰ (32) ਸੁਭਾਸ਼ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਤਨੀ ਸਵੀਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਮਿਸਤਰੀ ਦਾ ਕੰਮ ਕਰਦਾ ਸੀ। ਉਹ ਸ਼ਰਾਬ ਪੀਣ ਦਾ ਆਦੀ ਸੀ। ਉਨ੍ਹਾਂ ਦੇ ਪਰਿਵਾਰ ਵਿੱਚ 2 ਮੁੰਡੇ ਅਤੇ 2 ਕੁੜੀਆਂ ਹਨ। ਸ਼ਿਵ ਸ਼ੰਕਰ ਕੋਲ ਪਿਛਲੇ ਕੁਝ ਦਿਨਾਂ ਤੋਂ ਕੋਈ ਕੰਮ ਨਹੀਂ ਸੀ। ਜਿਸ ਕਾਰਨ ਉਹ ਘਰ ਵਿੱਚ ਰਹਿੰਦਾ ਸੀ।



ਮ੍ਰਿਤਕ ਪਤਨੀ ਤੋਂ ਸ਼ਰਾਬ ਪੀਣ ਲਈ ਪੈਸੇ ਮੰਗਦਾ ਰਹਿੰਦਾ ਸੀ


ਉਸ ਦੀ ਪਤਨੀ ਮੁਤਾਬਕ ਸ਼ਿਵ ਸ਼ੰਕਰ ਕੰਮ ਨਾ ਹੋਣ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਹ ਉਸ ਤੋਂ ਸ਼ਰਾਬ ਲਈ ਪੈਸੇ ਮੰਗਦਾ ਰਹਿੰਦਾ ਸੀ। ਸ਼ਰਾਬ ਪੀਣ ਦੇ ਆਦੀ ਹੋਣ ਕਰਕੇ ਉਸ ਨੇ ਸ਼ਨੀਵਾਰ ਦੇਰ ਰਾਤ ਆਪਣੇ ਕਮਰੇ 'ਚ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।