Ludhiana Blast: ਲੁਧਿਆਣਾ ਦੇ ਕਸਬਾ ਕੋਹਾੜਾ ਵਿੱਚ ਸਿਲੰਡਰ ਫਟਣ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਬਾਜ਼ਾਰ ਦੀਆਂ 8 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ, ਜਦਕਿ 2 ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਜਾਣਕਾਰੀ ਅਨੁਸਾਰ ਇਥੇ ਇੱਕ ਦੁਕਾਨ ਵਿੱਚ ਨਾਜਾਇਜ਼ ਤੌਰ 'ਤੇ ਸਿਲੰਡਰ ਵਿੱਚ ਗੈਸ ਭਰੀ ਜਾ ਰਹੀ ਸੀ, ਜਦੋਂ ਇਹ ਧਮਾਕਾ ਹੋਇਆ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਛੋਟੇ ਸਿਲੰਡਰਾਂ ਵਿੱਚ ਗੈਸ ਭਰਨ ਦਾ ਕੰਮ ਕਰਦਾ ਸੀ। ਦੇਰ ਰਾਤ ਕਿਸੇ ਸਿਲੰਡਰ ਵਿਚੋਂ ਗੈਸ ਰਿਸਣ ਲੱਗ ਪਈ, ਜਿਸ ਕਾਰਨ ਦੁਕਾਨ ਵਿੱਚ ਅੱਗ ਲੱਗ ਗਈ। ਜਦੋਂ ਤੱਕ ਦੁਕਾਨਦਾਰ ਇਸ ਨੂੰ ਸਮਝ ਪਾਉਂਦੇ ਅਤੇ ਕਾਬੂ ਕਰਨ ਦੀ ਕੋਸ਼ਿਸ਼ ਕਰਦੇ, ਉਦੋਂ ਤੱਕ ਸਿਲੰਡਰਾਂ ਦੇ ਧਮਾਕਿਆਂ ਕਾਰਨ ਅੱਗ ਨੇ ਦੁਕਾਨਾਂ ਨੂੰ ਮਚਾ ਕੇ ਰਾਖ ਕਰ ਦਿੱਤਾ ਸੀ।


ਭਿਆਨਕ ਅੱਗ 'ਤੇ ਕਾਬੂ ਪਾਉਣ ਦੀ ਲੋਕਾਂ ਵੱਲੋਂ ਭਰਵੀਂ ਕੋਸ਼ਿਸ਼ ਕੀਤੀ ਗਈ, ਪਰ ਅੱਗ ਕਾਬੂ ਵਿਚ ਨਾ ਆ ਸਕੀ। ਮੌਕੇ 'ਤੇ ਅੱਗ ਬੁਝਾਊ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ 'ਚ ਡੇਢ ਘੰਟੇ ਦਾ ਸਮਾਂ ਲੱਗਾ। ਦੱਸਿਆ ਜਾ ਰਿਹਾ ਹੈ ਕਿ ਇਥੇ ਇੱਕ ਵਿਅਕਤੀ ਲੰਮੇ ਸਮੇਂ ਤੋਂ ਦੁਕਾਨ ਵਿੱਚ ਛੋਟੇ ਸਿਲੰਡਰ ਭਰਨ ਦਾ ਕੰਮ ਕਰਦਾ ਆ ਰਿਹਾ ਹੈ, ਜਿਸ ਬਾਰੇ ਪੁਲਿਸ ਨੂੰ ਵੀ ਕਈ ਵੀ ਸ਼ਿਕਾਇਤਾਂ ਮਿਲ ਚੁੱਕੀਆਂ ਹਨ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ।









ਲੋਕਾਂ ਨੇ ਦੱਸਿਆ ਕਿ ਇਹ ਦੁਕਾਨਾਂ ਲੱਕੜ ਦੇ ਚਿੱਠੇ ਅਤੇ ਤਰਪਾਲ ਦੀਆਂ ਚਾਦਰਾਂ ਨਾਲ ਬਣੀਆਂ ਹੋਣ ਕਾਰਨ ਕੁਝ ਹੀ ਮਿੰਟਾਂ ਵਿੱਚ ਅੱਗ ਬੁਝ ਗਈ।ਘਟਨਾ ਵਿੱਚ ਸਿਲੰਡਰ ਵਾਲੀ ਦੁਕਾਨ ਦੇ ਨਾਲ 7-8 ਦੁਕਾਨਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਅੱਗ ਨੇ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਅੱਗ ਵਿੱਚ ਝੁਲਸੇ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ, ਜਿਨ੍ਹਾਂ ਨੂੰ ਮੁਢਲੇ ਇਲਾਜ ਪਿੱਛੋਂ ਲੁਧਿਆਣਾ ਰੈਫਰ ਕੀਤਾ ਗਿਆ ਹੈ। ਅੱਗ ਦੀ ਇਹ ਭਿਆਨਕਤਾ ਕਈ ਕਿਲੋਮੀਟਰ ਤੋਂ ਵੇਖੀ ਜਾ ਸਕਦੀ ਸੀ।


ਉੱਥੇ ਹੀ ਪੁਲਿਸ ਨੇ ਘਟਨਾ ਦਾ ਪਤਾ ਲੱਗਣ 'ਤੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।