Ludhiana News : ਸੋਸ਼ਲ ਮੀਡੀਆ ਉੱਪਰ ਤਿੱਖੀ ਬਿਆਨਬਾਜ਼ੀ ਕਰਨ ਵਾਲਾ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਪੁਲਿਸ ਦੀ ਸੁਰੱਖਿਆ ਤੋਂ ਤੰਗ ਆ ਗਿਆ ਹੈ। ਉਹ ਆਪਣੇ ਆਪ ਨੂੰ ਨਜ਼ਰਬੰਦ ਹੋਇਆ ਮਹਿਸੂਸ ਕਰ ਰਿਹਾ ਹੈ। ਪੁਲਿਸ ਨੇ ਧਮਕੀਆਂ ਮਿਲਣ ਮਗਰੋਂ ਮੰਡ ਦੀ ਸੁਰੱਖਿਆ ਵਧਾਈ ਸੀ। ਇਹ ਸੁਰੱਖਿਆ ਇੰਨੀ ਸਖਤ ਹੈ ਕਿ ਪਿਛਲੇ 40 ਦਿਨਾਂ ਤੋਂ ਮੰਡ ਘਰ ਅੰਦਰ ਹੀ ਬੰਦ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ ਉੱਪਰ ਭੜਕਾਊ ਬਿਆਨਬਾਜ਼ੀ ਕਰਨ ਤੋਂ ਬਾਅਦ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਲੁਧਿਆਣਾ ਪੁਲਿਸ ਨੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੀ ਸੁਰੱਖਿਆ ਵਧਾ ਦਿੱਤੀ ਸੀ। ਪਿਛਲੇ 40 ਦਿਨਾਂ ਤੋਂ ਮੰਡ ਘਰ ਵਿੱਚ ਹੀ ਨਜ਼ਰਬੰਦ ਹੈ। ਪੁਲਿਸ ਦੀ ਸਖਤ ਸੁਰੱਖਿਆ ਤੋਂ ਹੁਣ ਮੰਡ ਪ੍ਰੇਸ਼ਾਨ ਹੋ ਗਿਆ ਹੈ।
ਉਸ ਨੇ ਵੀਡੀਓ ਜਾਰੀ ਕਰ ਦੋਸ਼ ਲਗਾਏ ਕਿ ਉਸ ਨੂੰ 102 ਬੁਖਾਰ ਹੈ ਪਰ ਪੁਲਿਸ ਉਸ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਦੇ ਰਹੀ। ਜਦੋਂ ਉਹ ਅਧਿਕਾਰੀਆਂ ਨੂੰ ਫੋਨ ਕਰਦੇ ਹਨ ਤਾਂ ਉਨ੍ਹਾਂ ਨੂੰ ਜਵਾਬ ਮਿਲਦਾ ਹੈ ਕਿ ਉਹ ਆਪਣੇ ਇਲਾਜ ਲਈ ਡਾਕਟਰ ਨੂੰ ਬੁਲਾ ਲੈਣ। ਮੰਡ ਨੇ ਕਿਹਾ ਕਿ ਉਹ ਦੇਸ਼ ਭਗਤ ਹਨ ਤੇ ਉਸ ਨੂੰ ਘਰ ’ਚ ਕੈਦ ਕਰਕੇ ਰੱਖਿਆ ਹੋਇਆ ਹੈ। ਉਸ ਨੂੰ ਧਮਕੀਆਂ ਦੇਣ ਵਾਲੇ ਖੁੱਲ੍ਹੇਆਮ ਘੁੰਮ ਰਹੇ ਹਨ।
ਮੰਡ ਨੇ ਕਿਹਾ ਕਿ ਜੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਘਰ ਤੋਂ ਬਾਹਰ ਜਾਣ ਦੀ ਆਗਿਆ ਨਾ ਦਿੱਤੀ ਗਈ ਤਾਂ ਉਹ ਪੂਰੇ ਪਰਿਵਾਰ ਸਮੇਤ ਭੁੱਖ ਹੜਤਾਲ ’ਤੇ ਬੈਠਣਗੇ। ਇਸ ਤੋਂ ਪਹਿਲਾਂ ਮੰਡ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਕਾਰੋਬਾਰ ਖਰਾਬ ਹੋਣ ਕਾਰਨ ਘਰ ਦੀ ਆਰਥਿਕ ਹਾਲਤ ਚਿੰਤਾਜਨਕ ਹੈ।
ਮੰਡ ਨੇ ਕਿਹਾ ਕਿ ਉਸ ਨੇ ਕੰਟਰੋਲ ਰੂਮ ’ਤੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਬੁਖਾਰ ਹੈ ਤਾਂ ਅਧਿਕਾਰੀ ਡਾਕਟਰ ਘਰ ਬੁਲਾਉਣ ਲਈ ਆਖ ਰਹੇ ਹਨ। ਮੰਡ ਨੇ ਕਿਹਾ ਕਿ ਜੋ ਲੋਕ ਗਲਤ ਕੰਮ ਕਰ ਰਹੇ ਹਨ ਉਨ੍ਹਾਂ ’ਤੇ ਕਾਰਵਾਈ ਹੋ ਨਹੀਂ ਰਹੀ। ਮੰਡ ਨੇ ਡੀਸੀਪੀ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਫੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਜਾਣੂ ਕਰਵਾਉਂਦੇ ਹਨ ਕਿ ਪੰਜਾਬ ’ਚ ਅਜਿਹਾ ਬਦਲਾਅ ਨਾ ਲਿਆਂਦਾ ਜਾਵੇ ਕਿ ਧਮਕੀਆਂ ਦੇ ਡਰ ਤੋਂ ਘਰ ਵਿੱਚ ਕੈਦ ਰਹਿਣਾ ਪਵੇ।