Punjab news: ਪੰਜਾਬ ਵਿੱਚ ਚਾਕਲੇਟ ਖਾਣ ਨਾਲ ਡੇਢ ਸਾਲ ਦੀ ਬੱਚੀ ਨੂੰ ਖੂਨ ਦੀਆਂ ਉਲਟੀਆਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਦਾ ਹੈ। ਪਰ ਖਾਸ ਗੱਲ ਇੱਥੇ ਇਹ ਹੈ ਕਿ ਇਹ ਚਾਕਲੇਟ ਪਟਿਆਲਾ ਤੋਂ ਹੀ ਖਰੀਦੀ ਗਈ ਸੀ, ਜਿੱਥੇ ਕੁਝ ਦਿਨ ਪਹਿਲਾਂ ਕੇਕ ਖਾਣ ਨਾਲ 10 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ।
ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅਧਿਕਾਰੀ ਉਸ ਦੁਕਾਨ 'ਤੇ ਪਹੁੰਚੇ, ਜਿਥੋਂ ਚਾਕਲੇਟ ਖਰੀਦੀ ਗਈ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਬੱਚੀ ਨੂੰ ਦਿੱਤੀ ਗਈ ਚਾਕਲੇਟ ਦੀ ਡੇਟ ਐਕਸਪਾਇਰ ਹੋ ਚੁੱਕੀ ਸੀ। ਬੱਚੀ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਚੀ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ।
ਬੱਚੀ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ
ਬੱਚੀ ਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਰਾਵੀਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਉਨ੍ਹਾਂ ਦੇ ਘਰ ਪਟਿਆਲਾ ਆਈ ਸੀ। ਜਦੋਂ ਬੱਚੀ ਵਾਪਸ ਲੁਧਿਆਣੇ ਜਾਣ ਲੱਗੀ ਤਾਂ ਉਸ ਲਈ ਇਕ ਦੁਕਾਨ ਤੋਂ ਗਿਫਟ ਪੈਕ ਕਰਵਾਇਆ ਸੀ। ਜਿਸ ਵਿੱਚ ਕੁਰਕੁਰੇ ਅਤੇ ਜੂਸ ਤੋਂ ਇਲਾਵਾ ਚਾਕਲੇਟ ਵੀ ਸੀ। ਉਨ੍ਹਾਂ ਨੇ ਇਹ ਸਭ ਬੱਚੀ ਨੂੰ ਦੇ ਦਿੱਤਾ ਅਤੇ ਉਹ ਘਰ ਵਾਪਸ ਚਲੀ ਗਈ। ਲੁਧਿਆਣੇ ਪਹੁੰਚ ਕੇ ਚਾਕਲੇਟ ਖਾਧੀ ਤਾਂ ਉਲਟੀਆਂ ਆਉਣ ਲੱਗ ਪਈਆਂ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਸਮਝਿਆ ਕਿ ਇਹ ਆਮ ਹੈ ਪਰ ਜਦੋਂ ਉਸ ਦੀ ਹਾਲਤ ਵਿਗੜਦੀ ਗਈ ਤਾਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ: Weather Update: ਮੌਸਮ ਮਚਾਏਗਾ ਤਬਾਹੀ! ਪੰਜਾਬ-ਹਰਿਆਣਾ 'ਚ ਤੱਪਦੀ ਗਰਮੀ ਵਿਚਾਲੇ ਮਿਲੇਗੀ ਰਾਹਤ, ਜਾਣੋ ਤਾਜ਼ਾ ਅਪਡੇਟ
ਨੌਜਵਾਨ ਕੁੜੀ ਦੀ ਵੀ ਵਿਗੜੀ ਸਿਹਤ
ਦੱਸਿਆ ਜਾ ਰਿਹਾ ਹੈ ਕਿ ਜਿਹੜੀ ਚਾਕਲੇਟ ਬੱਚੀ ਨੇ ਖਾਧੀ ਸੀ ਉਹ 22 ਸਾਲ ਦੀ ਕੁੜੀ ਨੇ ਵੀ ਖਾਧੀ ਸੀ। ਉਸ ਦੀ ਸਿਹਤ ਵੀ ਵਿਗੜ ਗਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਹ ਤੁਰੰਤ ਲੜਕੀ ਨੂੰ ਡਾਕਟਰ ਕੋਲ ਲੈ ਗਏ। ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਨੇ ਬੱਚੀ ਨੂੰ ਹਸਪਤਾਲ 'ਚ ਭਰਤੀ ਕਰ ਲਿਆ। ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ।
ਦੁਕਾਨ ਵਿੱਚ ਗਏ ਤਾਂ ਐਕਸਪਾਇਰੀ ਡੇਟ ਦਾ ਸਮਾਨ ਮਿਲਿਆ
ਵਿੱਕੀ ਨੇ ਅੱਗੇ ਦੱਸਿਆ ਕਿ ਇਸ ਬਾਰੇ ਪਤਾ ਲੱਗਦਿਆਂ ਹੀ ਉਨ੍ਹਾਂ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ। ਉਹ ਸਿਹਤ ਅਧਿਕਾਰੀਆਂ ਦੀ ਟੀਮ ਦੇ ਨਾਲ ਤੁਰੰਤ ਉਸ ਦੁਕਾਨ 'ਤੇ ਗਏ ਜਿੱਥੋਂ ਬੱਚੀ ਲਈ ਤੋਹਫ਼ੇ ਦੀ ਟੋਕਰੀ ਖਰੀਦੀ ਗਈ ਸੀ। ਉਥੇ ਪਹੁੰਚ ਕੇ ਪਤਾ ਲੱਗਾ ਕਿ ਉਸ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਸੀ। ਦੁਕਾਨ ਵਿੱਚ ਹੋਰ ਸਾਮਾਨ ਪਿਆ ਸੀ।
ਪੁਲਿਸ ਅਤੇ ਸਿਹਤ ਵਿਭਾਗ ਨੇ ਜਾਂਚ ਕੀਤੀ ਸ਼ੁਰੂ
ਸਿਹਤ ਵਿਭਾਗ ਦੀ ਟੀਮ ਨੇ ਦੁਕਾਨ ਵਿੱਚ ਪਈਆਂ ਮਿਆਦ ਪੁੱਗ ਚੁੱਕੀਆਂ ਸਾਰੀਆਂ ਵਸਤਾਂ ਨੂੰ ਜ਼ਬਤ ਕਰ ਲਿਆ ਹੈ। ਇਸ ਤੋਂ ਬਾਅਦ ਉੱਥੇ ਪੁਲਿਸ ਨੂੰ ਵੀ ਬੁਲਾਇਆ ਗਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਜਿਸ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਵੀ ਮਿਆਦ ਪੁਗਾ ਚੁੱਕੇ ਸਾਮਾਨ ਦੀ ਵਿਕਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: SAD: ਅਕਾਲੀ ਦਲ ਕਰ ਸਕਦਾ ਉਮੀਦਵਾਰਾਂ ਦਾ ਐਲਾਨ, ਇਨ੍ਹਾਂ ਪੰਥਕ ਚਿਹਰਿਆਂ ਨੂੰ ਦਿੱਤਾ ਜਾ ਸਕਦਾ ਮੌਕਾ