Punjab Politics:   ਕਾਂਗਰਸ ਨੇ ਪੰਜਾਬ ਵਿੱਚੋਂ 12 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਪਾਰਟੀ ਪ੍ਰਧਾਨ, ਸਾਂਸਦ, ਵਿਧਾਇਕ, ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉੱਪ ਮੁੱਖ ਮੰਤਰੀ ਤੇ ਸਾਬਕਾ ਮੰਤਰੀਆਂ ਤੱਕ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਜਿਸ ਤੋਂ ਇਹ ਤਾਂ ਸਾਫ਼ ਹੈ ਪੰਜਾਬ ਕਾਂਗਰਸ ਇਹ ਚੋਣਾਂ ਸਿਰ ਧੜ ਦੀ ਬਾਜ਼ੀ ਲਾਕੇ ਲੜ ਰਹੀ ਹੈ।


ਰਾਜਾ ਵੜਿੰਗ ਦੀ ਉਮੀਦਵਾਰੀ ਉੱਤੇ ਚਰਚਾ


ਜੇ ਗੱਲ ਇਸ ਵੇਲੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਲੁਧਿਆਣਾ ਸੀਟ ਦੀ ਕੀਤੀ ਜਾਵੇ ਤਾਂ ਇੱਥੋਂ ਕਾਂਗਰਸ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਬਾਅਦ ਇਹ ਵੀ ਚਰਚਾ ਛਿੜ ਗਈ ਹੈ ਕਿ ਰਾਜਾ ਵੜਿੰਗ ਸਥਾਨਕ ਨਹੀਂ ਪੈਰਾਸ਼ੂਟ ਉਮੀਦਵਾਰ ਹਨ। ਇਸ ਨੂੰ ਲੈ ਕੇ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਵੀ ਤੰਜ ਕਸ ਚੁੱਕੇ ਹਨ।






ਇਨ੍ਹਾਂ ਸਭ ਚਰਚਾਵਾਂ ਵਿਚਾਲੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਕਿਹਾ, ਮੈਂ ਪੰਜਾਬ ਦਾ ਪ੍ਰਧਾਨ ਹਾਂ ਮੈ ਕਿਤੋਂ ਚੋਣ ਲੜ ਸਕਦਾ, ਇਹ ਹੱਕ ਤੇ ਸੱਚ ਦੀ ਲੜਾਈ ਹੈ। ਇਹ ਵਿਸ਼ਵਾਸ਼ਘਾਤ ਕਰਨ ਵਾਲਿਆਂ ਤੇ ਵਿਸ਼ਵਾਸ਼ ਕਰਨ ਵਾਲਿਆਂ ਦੀ ਲੜਾਈ  ਹੈ। ਇਸ ਲੜਾਈ ਵਿੱਚ ਸੱਚ ਤੇ ਵਿਸ਼ਵਾਸ਼ ਦੀ ਜਿੱਤ ਹੋਵੇਗੀ।


ਇਹ ਲੜਾਈ ਧੋਖੇਬਾਜ਼ਾਂ ਤੇ  ਵਫ਼ਾਦਾਰਾਂ ਦੀ 


ਸਾਨੂੰ ਇੱਥੋ ਉਸ (ਰਵਨੀਤ ਬਿੱਟੂ) ਨੂੰ ਹਰਾ ਕੇ ਜਿੱਤ ਕੇ ਪੂਰੇ ਦੇਸ਼ ਵਿੱਚ ਸੰਦੇਸ਼ ਦੇਣਾ ਚਾਹੀਦਾ ਹੈ ਕਿ ਨਾ ਤਾਂ ਦੇਸ਼ ਵਿੱਚ ਤੇ ਨਾ ਲੋਕਾਂ ਦੇ ਦਿਲਾਂ ਵਿੱਚ ਇਸ ਦੀ ਜਗ੍ਹਾ ਹੈ। ਵੜਿੰਗ ਨੇ ਲਿਖਿਆ ਕਿ ਲੜਾਈ ਦੀਆਂ ਲਾਈਨਾਂ ਖਿੱਚੀਆਂ ਗਈਆਂ ਹਨ: ਵਫ਼ਾਦਾਰੀ ਬਨਾਮ ਧੋਖੇਬਾਜ਼ੀ। ਪੰਜਾਬ ਨੂੰ ਬਚਾਉਣ ਲਈ, ਭਾਰਤ ਦੇ ਲੋਕਤੰਤਰ ਨੂੰ ਬਰਕਰਾਰ ਰੱਖਣ ਲਈ, ਇਸ ਅਹਿਮ ਲੜਾਈ ਵਿੱਚ ਕਾਂਗਰਸ ਦਾ ਸਾਥ ਦਿਓ। ਇਕੱਠੇ, ਅਸੀਂ ਜ਼ੁਲਮ ਦੇ ਵਿਰੁੱਧ ਖੜੇ ਹਾਂ।