Ludhiana News: ਫਤਿਹਗੜ੍ਹ ਸਾਹਿਬ 'ਚ ਪੈਸਿਆਂ ਦੇ ਲੈਣ-ਦੇਣ ਕਰਕੇ ਮਹਿਲਾ ਨੇ ਆਪਣੇ ਨੌਕਰ ਨਾਲ ਮਿਲ ਕੇ ਬੰਦੇ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਕੇਸ ਨੂੰ ਸਿਰਫ ਸੱਤ ਘੰਟਿਆਂ ਅੰਦਰ ਹੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮਹਿਲਾ ਤੇ ਉਸ ਦੇ ਨੌਕਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਰਅਸਲ ਫਤਿਹਗੜ੍ਹ ਸਾਹਿਬ 'ਚ ਪੈਸਿਆਂ ਦੇ ਲੈਣ-ਦੇਣ ਨਾਲ ਸਬੰਧਤ ਕਤਲ ਕਾਂਡ ਨੂੰ ਪੁਲਿਸ ਨੇ 7 ਘੰਟਿਆਂ 'ਚ ਟ੍ਰੇਸ ਕਰ ਲਿਆ। ਔਰਤ ਨੇ ਇਹ ਕਤਲ ਆਪਣੇ ਨੌਕਰ ਨਾਲ ਮਿਲ ਕੇ ਕੀਤਾ ਸੀ। ਮਾਮਲੇ 'ਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਹਰਵਿੰਦਰ ਕੌਰ ਵਾਸੀ ਰੰਧਾਵਾ ਕਲੋਨੀ ਤੇ ਉਸ ਦੇ ਨੌਕਰ ਮਾੜੂ ਵਾਸੀ ਨੰਦਪੁਰ ਕਲੌੜ ਵਜੋਂ ਹੋਈ ਹੈ।
ਥਾਣਾ ਫਤਿਹਗੜ੍ਹ ਸਾਹਿਬ ਦੇ ਐਸਐਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਮੰਡੋਫਲ ਵਾਸੀ ਕਾਬਲ ਸਿੰਘ ਨੇ ਆਪਣੇ ਲੜਕੇ ਵਿਕਰਮ ਸਿੰਘ ਦੇ ਕਤਲ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਜਾਂਚ ਕੀਤੀ ਗਈ। ਮਾਮਲੇ ਨੂੰ 7 ਘੰਟਿਆਂ ਵਿੱਚ ਟ੍ਰੇਸ ਕਰ ਲਿਆ ਗਿਆ। ਇਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਵਿਕਰਮ ਸਿੰਘ ਨੇ ਹਰਵਿੰਦਰ ਕੌਰ ਨੂੰ ਪੈਸੇ ਉਧਾਰ ਦਿੱਤੇ ਸਨ।
ਪਰਿਵਾਰ ਵਾਲਿਆਂ ਨੂੰ ਫਿਲਹਾਲ ਇਹ ਨਹੀਂ ਪਤਾ ਕਿ ਇਹ ਰਕਮ ਕਿੰਨੀ ਸੀ ਪਰ ਇਹ ਗੱਲ ਪੱਕੀ ਸੀ ਕਿ ਪਰਿਵਾਰ ਦੇ ਸਾਹਮਣੇ ਵਿਕਰਮ ਨੇ ਹਰਵਿੰਦਰ ਕੌਰ ਤੋਂ ਕਈ ਵਾਰ ਪੈਸੇ ਮੰਗੇ ਸੀ। ਇਨ੍ਹੀਂ ਦਿਨੀਂ ਵਿਕਰਮ ਸਿੰਘ ਦੀ ਆਰਥਿਕ ਹਾਲਤ ਠੀਕ ਨਹੀਂ ਸੀ, ਜਿਸ ਕਾਰਨ ਉਹ ਹਰ ਰੋਜ਼ ਆਪਣੇ ਪੈਸੇ ਵਾਪਸ ਮੰਗ ਰਿਹਾ ਸੀ।
ਐਸਐਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਕਰੀਬ 4 ਵਜੇ ਹਰਵਿੰਦਰ ਕੌਰ ਨੇ ਆਪਣੇ ਨੌਕਰ ਮਾੜੂ ਨੂੰ ਐਕਟਿਵਾ 'ਤੇ ਵਿਕਰਮ ਸਿੰਘ ਦੇ ਘਰ ਭੇਜਿਆ ਸੀ। ਮਾੜੂ ਵਿਕਰਮ ਨੂੰ ਐਕਟਿਵਾ 'ਤੇ ਆਪਣੇ ਨਾਲ ਹਰਵਿੰਦਰ ਕੌਰ ਦੇ ਘਰ ਲੈ ਗਿਆ। ਦੋਵਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤਕਰਾਰ ਹੋ ਗਈ।
ਇਸ ਤੋਂ ਬਾਅਦ ਹਰਵਿੰਦਰ ਕੌਰ ਤੇ ਮਾੜੂ ਨੇ ਮਿਲ ਕੇ ਵਿਕਰਮ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ। ਜ਼ਹਿਰ ਦੇਣ ਤੋਂ ਬਾਅਦ ਮਾੜੂ ਨੇ ਵਿਕਰਮ ਨੂੰ ਫਿਰ ਘਰ ਛੱਡ ਦਿੱਤਾ। ਘਰ ਜਾ ਕੇ ਵਿਕਰਮ ਦੀ ਹਾਲਤ ਵਿਗੜ ਗਈ। ਜਦੋਂ ਪਰਿਵਾਰਕ ਮੈਂਬਰ ਉਸ ਨੂੰ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਲੈ ਕੇ ਗਏ ਤਾਂ ਉੱਥੇ ਵਿਕਰਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।