Khanna news: ਖੰਨਾ ਪੁਲਿਸ ਨੇ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਇੱਕ ਹੋਰ ਗਿਰੋਹ ਦਾ ਪਰਦਾਫਾਸ਼ ਕੀਤਾ। ਦੋ ਵੱਖ-ਵੱਖ ਮਾਮਲਿਆਂ ਵਿੱਚ ਪੰਜ ਮੁਲਜ਼ਮਾਂ ਨੂੰ ਨਾਜਾਇਜ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ।


ਇਨ੍ਹਾਂ ਦੇ ਕਬਜ਼ੇ 'ਚੋਂ 8 ਪਿਸਤੌਲ, 10 ਮੈਗਜ਼ੀਨ ਅਤੇ 4 ਕਾਰਤੂਸ ਬਰਾਮਦ ਹੋਏ। ਇਨ੍ਹਾਂ ਦੇ ਦੋ ਸਾਥੀ ਹਾਲੇ ਫਰਾਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਐਸਪੀ (ਆਈ) ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਅਪਰਾਧਿਕ ਅਨਸਰਾਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ।


ਇਸ ਤਹਿਤ ਫੋਕਲ ਪੁਆਇੰਟ ਨੇੜਿਓਂ ਗੁਰਲਾਲ ਸਿੰਘ ਸਾਜਨ ਵਾਸੀ ਹੋਠੀਆਂ (ਤਰਨਤਾਰਨ) ਅਤੇ ਮਨਦੀਪ ਸਿੰਘ ਵਾਸੀ ਜੰਡਿਆਲਾ (ਤਰਨਤਾਰਨ) ਨੂੰ ਕਾਬੂ ਕੀਤਾ ਗਿਆ। ਸਾਜਨ ਦੇ ਬੈਗ 'ਚੋਂ ਮੈਗਜ਼ੀਨ ਸਮੇਤ 2 ਦੇਸੀ ਪਿਸਤੌਲ ਅਤੇ 2 ਹੋਰ ਮੈਗਜ਼ੀਨ ਮਿਲੇ। ਮਨਦੀਪ ਸਿੰਘ ਦੇ ਬੈਗ ਵਿੱਚੋਂ ਦੋ ਦੇਸੀ ਪਿਸਤੌਲ ਬਰਾਮਦ ਹੋਏ। ਦੋਵਾਂ ਕੋਲੋਂ 4 ਪਿਸਤੌਲ ਅਤੇ 4 ਮੈਗਜ਼ੀਨ ਬਰਾਮਦ ਹੋਏ।


ਇਹ ਵੀ ਪੜ੍ਹੋ: Sangrur news: ਰੋਜ਼ੀ-ਰੋਟੀ ਕਮਾਉਣ ਗਏ ਵਿਅਕਤੀ ਦੀ ਕੁਵੈਤ 'ਚ ਮੌਤ, ਪਰਿਵਾਰ 'ਚ ਪਸਰਿਆ ਸੋਗ, ਪੋਤੇ ਦੀ ਲੋਹੜੀ ਮਨਾਉਣ ਆਉਣਾ ਸੀ ਘਰ


ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਕੇਸ ਦਰਜ ਕੀਤਾ ਗਿਆ। ਦੂਜੇ ਮਾਮਲੇ 'ਚ ਥਾਣਾ ਸਦਰ ਦੇ ਟੀ ਪੁਆਇੰਟ ਮਹਿੰਦੀਪੁਰ ਵਿਖੇ ਨਾਕਾਬੰਦੀ ਦੌਰਾਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਡਰਾਈਵਰ ਅਤੇ ਨਾਲ ਵਾਲੀ ਸੀਟ 'ਤੇ ਬੈਠੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ।


ਕਾਰ ਦੀ ਪਿਛਲੀ ਸੀਟ 'ਤੇ ਬੈਠੇ ਸਤਨਾਮ ਸਿੰਘ ਸੱਤਾ ਵਾਸੀ ਡੇਰਾਬਸੀ (ਐਸ.ਏ.ਐਸ. ਨਗਰ), ਲਵਪ੍ਰੀਤ ਸਿੰਘ ਲਵ ਵਾਸੀ ਮਕਬੂਲਪੁਰਾ (ਅੰਮ੍ਰਿਤਸਰ) ਅਤੇ ਹਰਦੀਪ ਸਿੰਘ ਦੀਪ ਵਾਸੀ ਭਗਵਾਨ ਜੰਡਿਆਲਾ (ਅੰਮ੍ਰਿਤਸਰ) ਨੂੰ ਕਾਬੂ ਕਰ ਲਿਆ ਗਿਆ।


ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਪ੍ਰਿਥਵੀ ਸਿੰਘ ਵਾਸੀ ਲਾਲੜੂ (ਐਸ.ਏ.ਐਸ. ਨਗਰ) ਅਤੇ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੈਦਪੁਰਾ (ਐਸ.ਏ.ਐਸ. ਨਗਰ) ਕਾਰ ਛੱਡ ਕੇ ਫਰਾਰ ਹੋ ਗਏ।


ਸਤਨਾਮ ਦੀ ਤਲਾਸ਼ੀ ਲੈਣ 'ਤੇ 1 ਪਿਸਤੌਲ ਮੈਗਜ਼ੀਨ ਸਮੇਤ, 2 ਜਿੰਦਾ ਕਾਰਤੂਸ, 1 ਪਿਸਤੌਲ ਮੈਗਜ਼ੀਨ ਸਮੇਤ, ਲਵਪ੍ਰੀਤ ਸਿੰਘ ਕੋਲੋਂ 1 ਕਾਰਤੂਸ, 1 ਪਿਸਤੌਲ ਮੈਗਜ਼ੀਨ ਸਮੇਤ, ਹਰਦੀਪ ਸਿੰਘ ਕੋਲੋਂ 1 ਕਾਰਤੂਸ ਬਰਾਮਦ ਹੋਇਆ।


ਜਾਂਚ ਦੌਰਾਨ ਮੈਗਜ਼ੀਨ ਸਮੇਤ ਇੱਕ ਹੋਰ ਪਿਸਤੌਲ ਬਰਾਮਦ ਹੋਇਆ। ਗੁਰਲਾਲ ਸਿੰਘ ਖ਼ਿਲਾਫ਼ ਇਸੇ ਸਾਲ ਮੱਧ ਪ੍ਰਦੇਸ਼ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਕੀ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਸੀ।


ਇਹ ਵੀ ਪੜ੍ਹੋ: Sangrur news: ਧੂਰੀ 'ਚ ਗੰਨਾ ਮਿੱਲ 'ਤੇ ਚੜ੍ਹ ਕੇ ਗੰਨਾ ਕਾਸ਼ਤਕਾਰਾਂ ਨੇ ਪ੍ਰਦਰਸ਼ਨ ਕੀਤਾ ਸ਼ੁਰੂ, ਕਿਹਾ- ਜੇਕਰ ਮਿੱਲ ਸ਼ੁਰੂ ਨਾ ਹੋਈ ਤਾਂ ਕੱਲ੍ਹ ਤੋਂ...