Sangrur news: ਪਿਛਲੇ ਲੰਮੇਂ ਸਮੇਂ ਤੋਂ ਰੁਜ਼ਗਾਰ ਦੀ ਭਾਲ ਵਿੱਚ ਨੌਜਵਾਨ ਵਿਦੇਸ਼ ਦਾ ਰੁਖ ਕਰ ਰਹੇ ਹਨ। ਕਈ ਨੌਜਵਾਨ ਲੱਖਾਂ ਰੁਪਏ ਖਰਚ ਕਰਕੇ ਨੌਜਵਾਨ ਕੈਨੇਡਾ ,ਅਮਰੀਕਾ ਵਰਗੇ ਵੱਡੇ ਦੇਸ਼ਾਂ ਵੱਲ ਰੁਖ ਕਰ ਰਹੇ ਹਨ ਤਾਂ ਉੱਥੇ ਹੀ ਕਈ ਨੌਜਵਾਨ ਪਰਿਵਾਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਛੋਟੇ ਦੇਸ਼ਾਂ ਵੱਲ ਜਾ ਰਹੇ ਹਨ।


ਅਜਿਹਾ ਹੀ ਮਾਮਲਾ ਸੰਗਰੂਰ ਦੇ ਪਿੰਡ ਭੁੱਲਰ ਹੇੜੀ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਰਹਿਣ ਵਾਲਾ ਨਵਾਬ ਖਾਨ 12 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਕੁਵੈਤ ਗਿਆ ਸੀ ਅਤੇ ਹੁਣ ਉਸ ਨੇ ਆਪਣੇ ਪੋਤੇ ਦੀ ਲੋਹੜੀ ਮਨਾਉਣ ਲਈ 6 ਦਸੰਬਰ ਨੂੰ 2 ਮਹੀਨੇ ਦੀ ਛੁੱਟੀ 'ਤੇ ਘਰ ਆਉਣਾ ਸੀ ਪਰ ਦੋ ਦਿਨ ਪਹਿਲਾਂ ਹੀ 4 ਦਸੰਬਰ ਨੂੰ ਉਸ ਦੀ ਲਾਸ਼ ਪਿੰਡ ਪਹੁੰਚ ਗਈ। ਇਸ ਕਰਕੇ ਪੂਰੇ ਪਿੰਡ ਵਿੱਚ ਸੋਗ ਪਸਰਿਆ ਹੋਇਆ ਹੈ।


ਨਵਾਬ ਖਾਨ ਇੱਕ ਸਾਧਾਰਨ ਪਰਿਵਾਰ ਤੋਂ ਸੀ। ਉਹ ਰੁਜ਼ਗਾਰ ਦੀ ਭਾਲ ਵਿੱਚ ਕੁਵੈਤ ਗਿਆ ਸੀ, ਉੱਥੇ ਉਹ ਟਰੱਕ ਚਲਾਉਂਦਾ ਸੀ। ਇਸ ਦੇ ਨਾਲ ਹੀ ਨਵਾਬ ਖਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।


ਇਹ ਵੀ ਪੜ੍ਹੋ: Patiala News: ਰਾਜੋਆਣਾ ਨੂੰ ਮਿਲਣ ਤੋਂ ਰੋਕਣ 'ਤੇ ਵਧਿਆ ਵਿਵਾਦ, CM ਦਾ ਸਿੱਖ ਵਿਰੋਧੀ ਚਿਹਰਾ ਹੋਇਆ ਨੰਗਾ-ਸੁਖਬੀਰ


ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸਿਰ ਦਾ ਆਪ੍ਰੇਸ਼ਨ ਹੋਇਆ। ਉਹ ਕੋਮਾ 'ਚ ਚਲਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਪੋਤੇ ਦੀ ਲੋਹੜੀ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।


ਨਵਾਬ ਖਾਨ ਦੇ ਪੁੱਤ ਅਤੇ ਭਰਾ ਨੇ ਦੱਸਿਆ ਕਿ ਉਹ ਤਿੰਨ ਭੈਣ-ਭਰਾ ਹਨ। ਪਿਤਾ 12 ਸਾਲ ਪਹਿਲਾਂ ਰੁਜ਼ਗਾਰ ਲਈ ਕੁਵੈਤ ਗਿਆ ਸੀ। ਹੁਣ ਉਸ ਨੇ 6 ਦਸੰਬਰ ਨੂੰ 2 ਮਹੀਨੇ ਦੀ ਛੁੱਟੀ 'ਤੇ ਆਉਣਾ ਸੀ ਕਿਉਂਕਿ ਇਹ ਉਸ ਦੇ ਪੋਤੇ ਦੀ ਲੋਹੜੀ ਸੀ ਅਤੇ ਸ਼ੁੱਕਰਵਾਰ ਨੂੰ ਉਸ ਦੀ ਆਪਣੇ ਪੁੱਤ ਨਾਲ ਵੀਡੀਓ ਕਾਲ ‘ਤੇ ਗੱਲ ਵੀ ਹੋਈ ਸੀ। ਉਹ ਬਹੁਤ ਖੁਸ਼ ਸੀ ਕਿਉਂਕਿ ਉਸ ਨੇ ਪਹਿਲੀ ਵਾਰ ਆਪਣੇ ਪੋਤੇ ਨੂੰ ਦੇਖਣਾ ਸੀ।


ਪਿੰਡ ਵਾਸੀ ਅਵਤਾਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ 'ਚ ਰੁਜ਼ਗਾਰ ਨਾ ਹੋਣ ਕਾਰਨ ਨੌਜਵਾਨ ਪ੍ਰਦੇਸ਼ਾਂ 'ਚ ਜਾਂਦੇ ਹਨ, ਉੱਥੇ ਦਿਨ-ਰਾਤ ਪੈਸਾ ਕਮਾਉਂਦੇ ਹਨ, ਪਰ ਉਨ੍ਹਾਂ ਦੀਆਂ ਲਾਸ਼ਾਂ ਹੀ ਘਰ ਤੱਕ ਪਹੁੰਚਦੀਆਂ ਹਨ, ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਹਨ, ਉੱਥੇ ਹੀ ਰੁਜ਼ਗਾਰ ਪੈਦਾ ਕਰੇ, ਤਾਂ ਕਿ ਵਿਅਕਤੀ ਆਪਣੇ ਪਰਿਵਾਰ ਕੋਲ ਰਹੇ।


ਅਵਤਾਰ ਸਿੰਘ ਨੇ ਕਿਹਾ ਕਿ ਉਸ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਸਾਡੇ ਪਿੰਡ ਭੇਜਣ ਲਈ ਅਸੀਂ ਕੁਵੈਤ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਅੰਤਿਮ ਰਸਮ ਪਰਿਵਾਰ ਹੱਥਾਂ ਨਾਲ ਅਦਾ ਕਰੇਗਾ।


ਇਹ ਵੀ ਪੜ੍ਹੋ: Patiala News: ਅਕਾਲੀ ਲੀਡਰਾਂ ਨੂੰ ਰਾਜੋਆਣਾ ਨਾਲ ਮਿਲਣ ਤੋਂ ਰੋਕਿਆ, ਜੇ ਕੁਝ ਵੀ ਹੋਇਆ ਤਾਂ CM ਹੋਵੇਗਾ ਜ਼ਿੰਮੇਵਾਰ-ਮਜੀਠੀਆ