Ludhiana News: ਪੰਜਾਬ ਪੁਲਿਸ ਵੀ ਹਰਿਆਣਾ ਪੁਲਿਸ ਦੇ ਰਾਹ ਪੈ ਗਈ ਹੈ। ਹਰਿਆਣਾ ਪੁਲਿਸ ਵਾਂਗ ਪੰਜਾਬ ਪੁਲਿਸ ਵੀ ਧਰਨਾ ਦੇਣ ਵਾਲਿਆਂ ਖਿਲਾਫ ਸਖਤ ਐਕਸ਼ਨ ਕਰਨ ਲੱਗੀ ਹੈ। ਪੁਲਿਸ ਨੇ ਲੁਧਿਆਣਾ 'ਚ ਜੰਮੂ-ਦਿੱਲੀ ਨੈਸ਼ਨਲ ਹਾਈਵੇ 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ ਜਾਮ ਲਾਉਣ ਵਾਲੇ ਕਰੀਬ 250 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇੱਕ ਦਿਨ ਪਹਿਲਾਂ ਵੀਰਵਾਰ ਨੂੰ ਟਰੱਕ ਯੂਨੀਅਨ ਤੇ ਪੱਲੇਦਾਰ ਯੂਨੀਅਨ ਨੇ ਅਨਾਜ ਨੀਤੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ।
ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਵੀ ਕੀਤਾ ਸੀ। ਪੁਲਿਸ ਹੁਣ ਸੀਸੀਟੀਵੀ ਕੈਮਰਿਆਂ ਰਾਹੀਂ ਪ੍ਰਦਰਸ਼ਨਕਾਰੀਆਂ ਦੀ ਪਛਾਣ ਕਰ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 353,186,283,278,149,8-ਬੀ ਨੈਸ਼ਨਲ ਹਾਈਵੇ ਐਕਟ 1956 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਜਿਹਾ ਹੀ ਐਕਸ਼ਨ ਖਨੌਰੀ ਤੇ ਸ਼ੰਭੂ ਬਾਰਡਰਾਂ ਉਪਰ ਹਰਿਆਣਾ ਪੁਲਿਸ ਕਰ ਰਹੀ ਹੈ।
ਫਿਲਹਾਲ ਪੁਲਿਸ ਨੇ ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੁਖ ਸਿੰਘ ਸੰਧੂ, ਯੂਨੀਅਨ ਸ਼ਾਹਕੋਟ ਦੇ ਪ੍ਰਧਾਨ ਪ੍ਰੇਮ ਲਾਲ, ਗੁਰਬਚਨ ਸਿੰਘ, ਕੇਵਲ ਸਿੰਘ, ਜਰਨੈਲ ਦਿਹਾੜੀ ਮਜ਼ਦੂਰ ਸਭਾ ਫਿਲੌਰ, ਜਗਤਾਰ ਸਿੰਘ ਫਿਰੋਜ਼ ਟਰੱਕ ਅਪਰੇਟਰ ਯੂਨੀਅਨ ਮੈਂਬਰ, ਕੁਲਦੀਪ ਸਿੰਘ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੇ ਗੁਰਮੁਖ ਸੰਧੂ, ਪ੍ਰੇਮ ਲਾਲ, ਗੁਰਬਚਨ ਸਿੰਘ ਤੇ ਕੇਵਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਚਾਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਮਾਮਲੇ ਦੀ ਜਾਂਚ ਸਬ ਇੰਸਪੈਕਟਰ ਪ੍ਰਗਟ ਸਿੰਘ ਕਰ ਰਹੇ ਹਨ।
ਇਹ ਵੀ ਪੜ੍ਹੋ: WhatsApp: ਵਟਸਐਪ 'ਚ ਆ ਰਿਹਾ ਇੱਕ ਹੋਰ ਫਾਇਦੇਮੰਦ ਫੀਚਰ, ਬਦਲ ਜਾਵੇਗਾ ਕਾਲਿੰਗ ਦਾ ਸਟਾਈਲ
ਦੱਸ ਦਈਏ ਕਿ ਟਰੱਕ ਅਪਰੇਟਰਾਂ ਨੇ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਜਾਮ ਦਾ ਸੱਦਾ ਦਿੱਤਾ ਸੀ। ਪੁਲਿਸ ਨੇ ਦੁਪਹਿਰ ਵੇਲੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਦੁਪਹਿਰ ਕਰੀਬ 2.30 ਵਜੇ ਪੁਲਿਸ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਤੇ ਪੱਲੇਦਾਰ ਯੂਨੀਅਨ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਨਾਰਾਜ਼ ਵਰਕਰਾਂ ਨੇ ਹਾਈਵੇਅ ਜਾਮ ਕਰ ਦਿੱਤਾ। ਕਰੀਬ 3 ਘੰਟੇ ਸਮਝਾਉਣ ਦੇ ਬਾਵਜੂਦ ਜਦੋਂ ਧਰਨਾਕਾਰੀ ਨਾ ਮੰਨੇ ਤਾਂ ਏਡੀਸੀਪੀ ਰਮਨਦੀਪ ਭੁੱਲਰ ਦੀ ਅਗਵਾਈ ਹੇਠ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰ ਦਿੱਤਾ।
ਇਹ ਵੀ ਪੜ੍ਹੋ: Viral Video: ਮਹਿਲਾ ਐਂਕਰ ਨਾਲ ਛੇੜਛਾੜ ਕਰਨ ਲੱਗਾ ਸਾਊਦੀ ਅਰਬ ਦਾ ਰੋਬੋਟ! ਵੀਡੀਓ ਹੋ ਰਿਹਾ ਵਾਇਰਲ