ਲੁਧਿਆਣਾ ‘ਚ ਬੀਤੀ ਰਾਤ ਇੱਕ ਵਿਆਹ ਸਮਾਰੋਹ ਦੌਰਾਨ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਅੱਡੀ ਅਤੇ ਟੰਗ ‘ਚ ਗੋਲੀ ਲੱਗੀ ਹੈ, ਜਦਕਿ ਦੋ ਹੋਰ ਨੌਜਵਾਨਾਂ ਨੂੰ ਸਿਰ ਅਤੇ ਅੰਦਰੂਨੀ ਹਿੱਸਿਆਂ ‘ਚ ਸੱਟਾਂ ਆਈਆਂ ਹਨ।
ਹੁੱਕਾ ਪੀਣ ਦੀ ਵੀਡੀਓ ਬਣਾਉਣ ਨੂੰ ਲੈ ਕੇ ਪਿਆ ਕਲੇਸ਼
ਮਿਲੀ ਜਾਣਕਾਰੀ ਮੁਤਾਬਕ, ਵਿਆਹ ਸਮਾਰੋਹ ‘ਚ ਕੁਝ ਨੌਜਵਾਨ ਹੁੱਕਾ ਪੀ ਰਹੇ ਸਨ। ਇਸ ਦੌਰਾਨ ਇਲਾਕੇ ਦੇ ਇੱਕ ਹੋਰ ਨੌਜਵਾਨ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ। ਜਦੋਂ ਇਹ ਗੱਲ ਹੁੱਕਾ ਪੀ ਰਹੇ ਨੌਜਵਾਨਾਂ ਨੂੰ ਪਤਾ ਲੱਗੀ, ਤਾਂ ਦੋਵਾਂ ਪੱਖਾਂ ਵਿਚ ਬਹਿਸਬਾਜ਼ੀ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਹੱਥਾਪਾਈ ਤੱਕ ਨੌਬਤ ਆ ਗਈ ਅਤੇ ਫਿਰ ਦੋਵਾਂ ਵਿਚੋਂ ਕਿਸੇ ਇੱਕ ਪੱਖ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ।
ਲੱਤ ਅਤੇ ਅੱਡੀ ‘ਤੇ ਲੱਗੀ ਗੋਲੀ
ਗੋਲੀਬਾਰੀ ‘ਚ ਇੱਕ ਨੌਜਵਾਨ ਦੀ ਅੱਡੀ ਅਤੇ ਟੰਗ ‘ਚ ਗੋਲੀ ਲੱਗੀ, ਜਦਕਿ ਉਸਦੇ ਦੋ ਸਾਥੀ ਜ਼ਖ਼ਮੀ ਹੋ ਗਏ। ਲੋਕਾਂ ਦੇ ਮੁਤਾਬਕ, ਘਟਨਾ ਤੋਂ ਲਗਭਗ ਡੇਢ ਘੰਟੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਜ਼ਖ਼ਮੀਆਂ ਦੀ ਪਹਿਚਾਣ ਵਿਨੋਦ, ਮਨਪ੍ਰੀਤ ਅਤੇ ਸਰਵਜੋਤ ਵਜੋਂ ਹੋਈ ਹੈ।
ਸਰਵਜੋਤ ਦੀ ਅੱਡੀ ਅਤੇ ਲੱਤ ‘ਚ ਗੋਲੀ ਲੱਗੀ ਹੈ। ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸਰਵਜੋਤ ਨੂੰ ਪੀਜੀਆਈ ਰੈਫ਼ਰ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਥਾਣਾ ਟਿੱਬਾ ਦੇ ਇਲਾਕੇ ‘ਚ ਅਕਸਰ ਫਾਇਰਿੰਗ, ਲੁੱਟਪਾਟ ਅਤੇ ਸਨੇਚਿੰਗ ਵਰਗੀਆਂ ਵਾਰਦਾਤਾਂ ਹੋ ਰਹੀਆਂ ਹਨ। ਲੋਕ ਡਰ ਕਰਕੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ।
ਪੁਲਿਸ ਨੂੰ ਮਿਲੇ ਗੋਲੀਆਂ ਦੇ ਖੋਲ
ਘਟਨਾ ਸਥਾਨ ‘ਤੇ ਪਹੁੰਚੀ ਥਾਣਾ ਟਿੱਬਾ ਦੀ ਪੁਲਿਸ ਨੂੰ 4 ਤੋਂ 6 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਪੁਲਿਸ ਹਾਲੇ ਜ਼ਖ਼ਮੀਆਂ ਦੇ ਬਿਆਨ ਦਰਜ ਕਰੇਗੀ। ਅੱਜ ਸਵੇਰੇ ਸਿਵਲ ਹਸਪਤਾਲ ‘ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸਰਵਜੋਤ ਦੇ ਸੈਂਪਲ ਪੁਲਿਸ ਟੀਮ ਵੱਲੋਂ ਲਏ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।