Ludhiana News: ਪਿੰਡ ਭੰਮੀਪੁਰਾ ਕਲਾਂ ਦੇ ਛੱਪੜ ਦੀ ਢਾਈ ਏਕੜ ਜ਼ਮੀਨ ’ਤੇ ਕਬਜ਼ੇ ਮਾਮਲੇ ਵਿੱਚ ਪਿੰਡ ਵਾਸੀਆਂ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਘੇਰ ਕੇ ਸਵਾਲ ਜਵਾਬ ਕੀਤੇ। ਵਿਧਾਇਕਾ ਪਿੰਡ ਵਿੱਚ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਉਨ੍ਹਾਂ ਦਾ ਨਿਬੇੜਾ ਕਰਨ ਪੁੱਜੇ ਹੋਏ ਸਨ। 


ਇਸ ਸਮੇਂ ਉਦੋਂ ਸਥਿਤੀ ਨਾਜ਼ੁਕ ਬਣ ਗਈ ਜਦੋਂ ਪਿੰਡ ਵਾਸੀਆਂ ਨੇ ਵਿਧਾਇਕ ਮਾਣੂੰਕੇ ਦਾ ਘਿਰਾਓ ਕਰਕੇ ਸਵਾਲਾਂ ਦੀ ਝੜੀ ਲਾ ਦਿੱਤੀ। ਇਸ ’ਤੇ ਵਿਧਾਇਕਾ ਨੇ ਜਵਾਬ ਦੇਣ ਤੇ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਖੀਰ ਪੁਲਿਸ ਨੇ ਉਨ੍ਹਾਂ ਲਈ ਨਿਕਲਣ ਦਾ ਰਾਹ ਬਣਾ ਕੇ ਉਥੋਂ ਭੇਜਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮੌਕੇ ’ਤੇ ਮੌਜੂਦ ਗਵਾਹਾਂ ਮੁਤਾਬਕ ਪਿੰਡ ਦੇ ਮੋਹਤਬਰਾਂ ਦੀ ਵਿਧਾਇਕਾ ਮਾਣੂੰਕੇ ਨਾਲ ਕਾਫੀ ਦੇਰ ਬਹਿਸਬਾਜ਼ੀ ਹੋਈ। ਅਜਿਹਾ ਅਣਕਿਆਸਿਆ ਘਟਨਾਕ੍ਰਮ ਵਾਪਰਨ ਕਰਕੇ ਇਹ ਪ੍ਰੋਗਰਾਮ 7-8 ਮਿੰਟ ’ਚ ਹੀ ਨਿੱਬੜ ਗਿਆ। 


ਪਿੰਡ ਦੇ ਛੱਪੜ ਦੀ ਢਾਈ ਏਕੜ ਨਾਲ ਜੁੜੇ ਮਾਮਲੇ ਬਾਰੇ ਸਵਾਲ ਕਰਨ ਵਾਲਿਆਂ ’ਚ ਅਵਤਾਰ ਸਿੰਘ, ਗੁਰਦੀਪ ਸਿੰਘ, ਨਿਰਮਲ ਨਿੰਬਾ, ਪਿੰਟਾ ਤੇ ਕਈ ਹੋਰ ਸ਼ਾਮਲ ਸਨ। ਪਿੰਡ ਵਾਸੀ ਇਸ ਸਬੰਧੀ ਬਾਕਾਇਦਾ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੂੰ ਸੌਂਪ ਚੁੱਕੇ ਹਨ। ਲੁਧਿਆਣਾ ਦੀ ਡੀਸੀ ਨੇ ਇਸ ’ਤੇ ਅਗਲੇਰੀ ਕਾਰਵਾਈ ਲਈ ਸ਼ਿਕਾਇਤ ਸਥਾਨਕ ਬੀਡੀਪੀਓ ਨੂੰ ਭੇਜੀ ਹੋਈ ਹੈ। 


ਪਿੰਡ ਵਾਸੀਆਂ ਦਾ ਸਿੱਧਾ ਦੋਸ਼ ਹੈ ਕਿ ਹਾਕਮ ਧਿਰ ਦੀ ਆਗੂ ਨੇ ਕੁਝ ਹੋਰਨਾਂ ਨਾਲ ਮਿਲ ਕੇ ਛੱਪੜ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਕਬਜ਼ਾ ਕਰ ਲਿਆ ਤੇ ਚਾਰਦੀਵਾਰੀ ਵੀ ਕੀਤੀ ਹੈ। ਸੋਮਵਾਰ ਨੂੰ ਐਲਾਨੇ ਪ੍ਰੋਗਰਾਮ ਮੁਤਾਬਕ ਵਿਧਾਇਕ ਮਾਣੂੰਕੇ ਭੰਮੀਪੁਰਾ ਕਲਾਂ ਪੁੱਜੇ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਸੱਤ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਵੀ ਸੌਂਪਿਆ। 


ਇਸੇ ਦੌਰਾਨ ਪਿੰਡ ਵਾਸੀਆਂ ਨੇ ਆਪਣੀ ਸ਼ਿਕਾਇਤ ਵਿਧਾਇਕਾ ਅੱਗੇ ਰੱਖੀ। ਪਿੰਡ ਵਾਸੀਆਂ ਮੁਤਾਬਕ ਵਿਧਾਇਕਾ ਨੇ ਸ਼ਿਕਾਇਤਾਂ ਦੀਆਂ ਕੁਝ ਸਤਰਾਂ ਪੜ੍ਹ ਕੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਇਹ ਮਸਲਾ ਪੈਦਾ ਹੋਇਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਮਾਮਲਾ ਵਿਗੜਨ ’ਤੇ ਇਹ ਸਾਰੇ ਵੀ ਪਿੰਡ ’ਚੋਂ ਚਲੇ ਗਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।