Ludhiana News: ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ ਹੈ। ਸਨਅਤੀ ਸ਼ਹਿਰ ਵਿੱਚ ਵੀ ਚੰਡੀਗੜ੍ਹ ਵਾਂਗ ਬਿਜਲੀ ਵਾਲੀਆਂ ਬੱਸਾਂ ਚੱਲਣਗੀਆਂ। ਇਸ ਨਾਲ ਜਿੱਥੇ ਪਬਲਿਕ ਟਰਾਂਸਪੋਰਟ ਵਿੱਚ ਵਾਧਾ ਹੋਏਗਾ, ਉੱਥੇ ਹੀ ਪ੍ਰਦੂਸ਼ਨ ਨੂੰ ਵੀ ਰੋਕ ਲੱਗੇਗੀ। ਇਸ ਲਈ ਜਲਦ ਹੀ 100 ਈ-ਬੱਸਾਂ ਚਲਾਈਆਂ ਜਾਣਗੀਆਂ। ਇਸ ਲਈ ਕੇਂਦਰ ਸਰਕਾਰ ਦੀ ਟੀਮ ਨੇ ਲੁਧਿਆਣਾ ਵਿੱਚ ਜ਼ਮੀਨੀ ਪੱਧਰ ’ਤੇ ਸਰਵੇਖਣ ਕੀਤਾ। 



ਹਾਸਲ ਜਾਣਕਾਰੀ ਮੁਤਾਬਕ ਸ਼ਹਿਰ ਨੂੰ ਇਹ 100 ਮਿਨੀ ਈ-ਬੱਸਾਂ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਦੇ ਤਹਿਤ ਮਿਲਣਗੀਆਂ। ਇਸ ਲਈ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਟੀਮ ਨੇ ਸਰਵੇਖਣ ਕਰਨ ਲਈ ਸ਼ਹਿਰ ਦਾ ਦੌਰਾ ਕੀਤਾ। ਸ਼ੁਰੂਆਤ ਵਿੱਚ ਟੀਮ ਦੇ ਮੈਂਬਰਾਂ ਨੇ ਨਗਰ ਨਿਗਮ ਜ਼ੋਨ ‘ਡੀ’ ਦਫ਼ਤਰ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਤੋਂ ਬਾਅਦ ਟੀਮ ਦੇ ਮੈਂਬਰ ਵੱਖ-ਵੱਖ ਥਾਵਾਂ ’ਤੇ ਦੌਰਾ ਕਰਨ ਪੁੱਜੇ।


ਕੇਂਦਰ ਟੀਮ ਦੀ ਅਗਵਾਈ ਟੀਮ ਲੀਡਰ (ਅਪਰੇਸ਼ਨ) ਰਾਮ ਪੌਣੀਕਰ ਕਰ ਰਹੇ ਸਨ ਤੇ ਟਰਾਂਸਪੋਰਟ ਪਲਾਨਰ ਪੁਸ਼ਪੇਂਦਰ ਪੰਡਿਤ ਤੇ ਅਰਬਨ ਪਾਲਨਰ ਏਕਤਾ ਕਪੂਰ ਵੀ ਟੀਮ ਦਾ ਹਿੱਸਾ ਸਨ। ਈ-ਬੱਸ ਡਿੱਪੂਆਂ ਦੀ ਸਥਾਪਨਾ ਸਣੇ ਬਿਜਲੀ ਦੀਆਂ ਲਾਈਨਾਂ ਵਿਛਾਉਣ ਅਤੇ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਈ-ਬੱਸਾਂ ਲਈ ਪ੍ਰਸਤਾਵਿਤ ਰੂਟ ਪਲਾਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।


 ਨਿਗਰਾਨ ਇੰਜਨੀਅਰ ਸੰਜੇ ਕੰਵਰ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਸ਼ਹਿਰ ਵਿੱਚ ਦੋ ਈ-ਬੱਸ ਡਿੱਪੂ ਸਥਾਪਤ ਕੀਤੇ ਜਾਣਗੇ। ਇਨ੍ਹਾਂ ਵਿੱਚੋਂ ਇੱਕ ਚੀਮਾ ਚੌਕ ਨੇੜੇ ਘੋੜਾ ਫੈਕਟਰੀ ਰੋਡ ’ਤੇ ਅਤੇ ਦੂਜਾ ਹੰਬੜਾਂ ਰੋਡ ’ਤੇ ਸਿਟੀ ਬੱਸ ਡਿੱਪੂ ਵਾਲੀ ਜਗ੍ਹਾ ’ਤੇ ਸਥਾਪਤ ਕੀਤਾ ਜਾਵੇਗਾ। ਟੀਮ ਨੇ ਇਨ੍ਹਾਂ ਥਾਵਾਂ ਦਾ ਦੌਰਾ ਵੀ ਕੀਤਾ ਅਤੇ ਕੁਝ ਰੂਟਾਂ ਦੀ ਜਾਂਚ ਕੀਤੀ। ਜਿੱਥੇ ਨਗਰ ਨਿਗਮ ਵੱਲੋਂ ਪਹਿਲਾਂ ਹੀ ਸਿਟੀ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ।


ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਇਹ ਜਨਤਕ ਟਰਾਂਸਪੋਰਟ ਸੈਕਟਰ ਤੇ ਹਰੀ ਆਵਾਜਾਈ ਨੂੰ ਵੱਡਾ ਹੁਲਾਰਾ ਦੇਵੇਗਾ ਕਿਉਂਕਿ ਇਸ ਯੋਜਨਾ ਤਹਿਤ ਸ਼ਹਿਰ ਨੂੰ 100 ਮਿਨੀ ਈ-ਬੱਸਾਂ ਮਿਲਣਗੀਆਂ। ਵਿਭਾਗ ਨੇ ਸ਼ਹਿਰ ਦੀਆਂ ਸੜਕਾਂ ’ਤੇ ਭੀੜ-ਭਾੜ ਵਾਲੇ ਏਰੀਆ ਤੋਂ ਬਚਣ ਲਈ ਮਿਨੀ ਬੱਸਾਂ ਦੀ ਚੋਣ ਕੀਤੀ ਹੈ।


ਈ-ਬੱਸਾਂ ਦੀ ਖ਼ਰੀਦ ਸਰਕਾਰੀ ਪੱਧਰ ’ਤੇ ਕੀਤੀ ਜਾਣੀ ਹੈ। ਸੰਦੀਪ ਰਿਸ਼ੀ ਨੇ ਅੱਗੇ ਦੱਸਿਆ ਕਿ ਬੁਨਿਆਦੀ ਢਾਂਚੇ ਤੇ ਡਿੱਪੂਆਂ ਦੀ ਸਥਾਪਨਾ ਲਈ ਨਿਯਮਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਵੱਡੇ ਪੱਧਰ ’ਤੇ ਲਾਭ ਪਹੁੰਚਾਉਣ ਲਈ ਈ-ਬੱਸ ਸੇਵਾ ਦੇ ਰੂਟਾਂ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।