Ludhiana News: ਸਮਾਰਟ ਸਿਟੀ ਮਿਸ਼ਨ ਤਹਿਤ ਚੱਲ ਰਹੇ ਪ੍ਰਾਜੈਕਟਾਂ ਦੇ ਰੀਵਿਊ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਬੁੱਧਵਾਰ ਨੂੰ ਜ਼ੋਨ-ਡੀ ਨਗਰ ਨਿਗਮ ਵਿਚ ਮੀਟਿੰਗ ਸੱਦੀ ਗਈ। ਇਸ ਦੌਰਾਨ ਸਾਹਮਣੇ ਆਇਆ ਕਿ 94.03 ਕਰੋੜ ਦੀ ਲਾਗਤ ਨਾਲ 37 ਪ੍ਰਾਜੈਕਟ ਪੂਰੇ ਹੋ ਚੁੱਕੇ ਹਨ, ਜਦੋਂਕਿ 23 ਪ੍ਰਾਜੈਕਟ ਜਿਨ੍ਹਾਂ ਦੀ ਕੀਮਤ 627.48 ਕਰੋੜ ਹੈ, ਹਾਲੇ ਚੱਲ ਰਹੇ ਹਨ। ਇਸ ਤੋਂ ਇਲਾਵਾ ਸੱਤ ਪ੍ਰਾਜੈਕਟ ਜਿਨ੍ਹਾਂ ਦੀ ਲਾਗਤ 141.61 ਕਰੋੜ ਹੈ, ਦੇ ਟੈਂਡਰ ਲਾਏ ਗਏ ਹਨ। ਤਿੰਨ ਪ੍ਰਾਜੈਕਟ ਜਿਨ੍ਹਾਂ ਦੀ ਕੀਮਤ 66.88 ਕਰੋੜ ਰੁਪਏ ਹੈ, ਦੀ ਮਨਜ਼ੂਰੀ ਮਿਲਣੀ ਬਾਕੀ ਹੈ। 



ਇਸ ਮੀਟਿੰਗ ’ਚ ਵਿਧਾਇਕ ਕੁਲਵੰਤ ਸਿੱਧੂ ਤੋਂ ਬਿਨਾਂ ਹੋਰ ਕੋਈ ਵਿਧਾਇਕ ਨਹੀਂ ਪੁੱਜਿਆ। ਦੱਸ ਦੇਈਏ ਕਿ ਪਿਛਲੇ ਸਮੇਂ ਦੌਰਾਨ ਲੋਕ ਸਭਾ ਬਿੱਟੂ ਨੇ ਬੱਚਤ ਭਵਨ ’ਚ ‘ਦਿਸ਼ਾ’ ਦੀ ਮੀਟਿੰਗ ਕੀਤੀ ਸੀ, ਉਸ ਮੀਟਿੰਗ ਤੋਂ ਵੀ ਵਿਧਾਇਕਾਂ ਨੇ ਦੂਰੀ ਬਣਾਈ ਸੀ। ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਮੀਟਿੰਗਾਂ ਉੱਪਰ ਸਿਆਸੀ ਸਾਇਆ ਹੈ।


ਮੀਟਿੰਗ ’ਚ ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ ਪ੍ਰਾਜੈਕਟ ’ਤੇ ਚਰਚਾ ਕੀਤੀ ਗਈ। ਸਮਾਰਟ ਸਿਟੀ ਮਿਸ਼ਨ ਦੇ ਤਹਿਤ 250 ਕਰੋੜ ਰੁਪਏ ਇਸ ਦੀ ਕਾਇਆ ਕਲਪ ਲਈ ਖ਼ਰਚ ਹੋਣੇ ਹਨ। ਇਸ ਦਾ ਕੰਮ ਵੀ ਹਾਲੇ ਤੱਕ ਅਧੂਰਾ ਹੈ। ਬਿੱਟੂ ਨੂੰ ਜਦੋਂ ਅਧਿਕਾਰੀਆਂ ਨੇ ਪੱਖੋਵਾਲ ਰੋਡ ਆਰਓਬੀ ਦਾ ਸਟੇਟਸ ਦਿੱਤਾ, ਇਸ ਦੌਰਾਨ ਮੇਅਰ ਬਲਕਾਰ ਸਿੰਘ ਸੰਧੂ ਨੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਕਿ ਇਹ ਪ੍ਰਾਜੈਕਟ ਕਦੋਂ ਪੂਰਾ ਕਰਨਾ ਹੈ, ਉਸ ਦੀ ਮਿਤੀ ਦੱਸੀ ਜਾਵੇ। 


ਇਸ ’ਤੇ ਅਧਿਕਾਰੀਆਂ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ। ਉਧਰ, ਮੇਅਰ ਸੰਧੂ ਨੇ ਖ਼ੁਲਾਸਾ ਕੀਤਾ ਕਿ ਅਸਲ ’ਚ ਇਸ ਕੰਮ ’ਤੇ ਕਰੀਬ ਇੱਕ ਸਾਲ ਦਾ ਸਮਾਂ ਲੱਗੇਗਾ। ਅਜਿਹੇ ’ਚ ਮੇਅਰ ਸੰਧੂ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਕੰਮ ’ਚ ਲਾਪਰਵਾਹੀ ਬਰਦਾਸ਼ਤ ਨਹੀਂ ਕਰਨਗੇ। ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ, ਜਦੋਂਕਿ ਠੇਕੇਦਾਰ ’ਤੇ ਵੀ ਸਖ਼ਤੀ ਦੇ ਹੁਕਮ ਦਿੱਤੇ ਗਏ।


ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸ਼ਹਿਰ ’ਚ 300 ਡਿਊਲ ਕੈਮਰੇ ਲਾਏ ਜਾਣਗੇ। ਇਨ੍ਹਾਂ ’ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। 90 ਲੋਕੇਸ਼ਨਾਂ ’ਤੇ ਖੰਭੇ ਲਾਏ ਜਾ ਚੁੱਕੇ ਹਨ ਜਦੋਂਕਿ ਇਨ੍ਹਾਂ ਕੈਮਰਿਆਂ ਦਾ ਕੁਨੈਕਸ਼ਨ ਪੁਲਿਸ ਤੇ ਨਿਗਮ ਦੇ ਕੋਲ ਰਹੇਗਾ। ਨਿਗਮ ਇੰਕਰੋਚਮੈਂਟ ਤੇ ਕੂੜੇ ਨੂੰ ਲੈ ਕੇ ਧਿਆਨ ਰੱਖੇਗਾ। ਇਸ ਦੌਰਾਨ ਐਂਟੀ ਸਮੋਗ ਗੰਨਾਂ ਦੀ ਰਾਤ ਦੇ ਸਮੇਂ ਵਰਤੋਂ ਕਰਨ ਲਈ ਚਾਰਾਂ ਜ਼ੋਨਾਂ ’ਚ ਇੱਕ-ਇੱਕ ਮਸ਼ੀਨ ਦੇਣ ਦੀ ਗੱਲ ਕੀਤੀ ਗਈ।