Ludhiana News : ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਅਤੇ ਇਸ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ 'ਚ ਪੈ ਰਹੀਆਂ ਹਨ। ਚਾਈਨਾ ਡੋਰ ਨੇ ਫਿਰ ਕਹਿਰ ਢਾਇਆ ਹੈ। ਖੰਨਾ ਵਿੱਚ ਚਾਈਨਾ ਡੋਰ ਨੇ ਇੱਕ ਰਾਹਗੀਰ ਦੀ ਗਰਦਨ ਵੱਢ ਦਿੱਤੀ। ਇਸ ਵਿਅਕਤੀ ਨੂੰ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ। ਉਸ ਦੀ ਗਰਦਨ ਉਪਰ 17 ਟਾਂਕੇ ਲੱਗੇ ਹਨ। 

 

ਹਾਸਲ ਜਾਣਕਾਰੀ ਮੁਤਾਬਕ ਹਰਬੰਸ ਲਾਲ ਸ਼ਰਮਾ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਖੰਨਾ ਮੇਨ ਹਾਈਵੇ ਦੇ ਪੁੱਲ ਰੇਲਵੇ ਰੋਡ ਨੇੜੇ ਪੁੱਜੇ ਤਾਂ ਚਾਇਨਾ ਡੋਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਖੰਨਾ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ। ਚਾਈਨਾ ਡੋਰ 'ਤੇ ਹਰ ਸਾਲ ਪਾਬੰਦੀ ਲਗਾਈ ਜਾਂਦੀ ਹੈ ਪਰ ਇਸ ਪਾਬੰਦੀ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਹੁੰਦੀ ਹੈ , ਜਿਸ ਨਾਲ ਕਈ ਲੋਕਾਂ ਦੀਆਂ ਜਿੰਦਗੀਆਂ ਖਤਰੇ ਵਿੱਚ ਪੈ ਜਾਂਦੀਆਂ ਹਨ। 


ਦੱਸ ਦਈਏ ਕਿ ਸਮਰਾਲਾ ਵਿੱਚ ਬੀਤੇ ਦਿਨ 4 ਸਾਲ ਦੇ ਬੱਚੇ ਦਾ ਮੂੰਹ ਵੱਢਿਆ ਗਿਆ ਜਿਸ ਦੇ ਮੂੰਹ ਉਪਰ 70 ਟਾਂਕੇ ਲੱਗੇ। ਇਸ ਤੋਂ ਇਲਾਵਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਚਾਈਨਾ ਡੋਰ ਸਰੇਆਮ ਵਿਕਣ ਦੇ ਇਲਜਾਮ ਲਗਾ ਕੇ ਐਸਐਸਪੀ ਦੀ ਬਦਲੀ ਦੀ ਮੰਗ ਕਰ ਚੁੱਕੇ ਹਨ।ਖੰਨਾ ਜਿਲ੍ਹੇ 'ਚ ਚਾਈਨਾ ਡੋਰ ਦੀ ਵਿਕਰੀ ਨੂੰ ਲੈਕੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਸਵਾਲ ਚੁੱਕੇ ਸੀ ਅਤੇ ਦੋਸ਼ ਲਾਇਆ ਸੀ ਕਿ ਪੁਲਿਸ ਅਫਸਰਾਂ ਦੀ ਮਿਲੀਭਗਤ ਨਾਲ ਇਹ ਧੰਦਾ ਚਲਦਾ ਹੈ।

 


 

ਬੀਤੇ ਕੱਲ ਜ਼ਖਮੀ ਬੱਚੇ ਦੇ ਪਿਤਾ ਵਿਕਰਮਜੀਤ ਸਿੰਘ ਨੇ ਦੱਸਿਆ ਸੀ ਕਿ ਲੋਹੜੀ ਦਾ ਤਿਉਹਾਰ ਹੋਣ ਕਾਰਨ ਉਹ ਕਾਰ ਵਿੱਚ ਸਵਾਰ ਹੋਕੇ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਮਰਾਲਾ ਵਿਖੇ ਆਪਣੇ ਘਰ ਪਰਤ ਰਿਹਾ ਸੀ। ਉਸਦੇ ਨਾਲ ਪਤਨੀ ਅਤੇ ਬੱਚਾ ਹਰਜੋਤ ਸਿੰਘ ਵੀ ਸਨ। ਪਿੰਡ ਚਹਿਲਾ ਨੇੜੇ ਅਚਾਨਕ ਜਿਵੇ ਹੀ ਚਲਦੀ ਕਾਰ ਦਾ ਸ਼ੀਸ਼ਾ ਖੋਲ ਕੇ ਆਸਮਾਨ ਵਿੱਚ ਉੱਡਦੀਆਂ ਪੰਤਗਾਂ ਵੇਖਣ ਲਈ ਬੱਚੇ ਨੇ ਆਪਣਾ ਸਿਰ ਥੋੜਾ ਬਾਹਰ ਕੱਢਿਆ ਤਾਂ ਉਸ ਦਾ ਚਿਹਰਾ ਬਾਹਰ ਹਵਾ ’ਚ ਲਹਿਰਾ ਰਹੀ ਚਾਈਨਾ ਡੋਰ ਵਿੱਚ ਫਸ ਗਿਆ।

 

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ਸੁਖਬੀਰ ਬਾਦਲ ਨੂੰ ਸਮਝਾਇਆ, ਆਖਰ ਸਿੱਖ ਕਿਉਂ ਕਰ ਰਹੇ ਅਕਾਲੀ ਦਲ ਨੂੰ ਰਿਜੈਕਟ!

 ਇਸ ਘਟਨਾ ’ਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਤੁਰੰਤ ਲੁਧਿਆਣਾ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ ਸੀ । ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆ ਡੀ.ਐੱਮ.ਸੀ. ਦਾਖਲ ਕਰਵਾਉਣਾ ਪਿਆ। ਡਾਕਟਰਾਂ ਨੇ ਪਹਿਲਾ ਤਾਂ 70 ਤੋਂ ਵੀ ਵੱਧ ਟਾਂਕੇ ਉਸ ਦੇ ਬੱਚੇ ਦੇ ਚੇਹਰੇ ’ਤੇ ਲਗਾਏ। ਪ੍ਰੰਤੂ ਬੱਚੇ ਦੀ ਹਾਲਤ ਨੂੰ ਵੇਖਦਿਆ ਰਾਤ ਨੂੰ ਹੀ ਡਾਕਟਰਾਂ ਨੂੰ ਉਸ ਦੇ ਬੱਚੇ ਦੀ ਸਰਜਰੀ ਕੀਤੀ।