Ludhiana News: ਸਰਕਾਰ ਦੇ ਲੱਖ ਦਾਬਿਆਂ ਤੇ ਪੁਲਿਸ ਦੀ ਸਖਤੀ ਦੇ ਬਾਵਜੂਦ ਚਾਇਨਾ ਡੋਰ ਦਾ ਕਹਿਰ ਜਾਰੀ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਲੁਧਿਆਣਾ ਵਿੱਚ ਚਾਈਨਾ ਡੋਰ ਨਾਲ ਕਈ ਹਾਦਸੇ ਵਾਪਰੇ। ਦੂਜੇ ਪਾਸੇ ਚਾਇਨਾ ਡੋਰ ਸ਼ਰੇਆਮ ਵਿਕ ਵੀ ਰਹੀ ਹੈ ਤੇ ਲੋਕ ਇਸ ਡੋਰ ਨਾਲ ਹੀ ਪਤੰਗਬਾਜ਼ੀ ਵੀ ਕਰ ਰਹੇ ਹਨ। ਲੋਹੜੀ ਵਾਲੇ ਦਿਨ ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ 4 ਸਾਲਾ ਬੱਚੇ ਦੀ ਜਾਨ ਖਤਰੇ ਵਿੱਚ ਪੈ ਗਈ। 


ਗੁਰਦੁਆਰਾ ਸਾਹਿਬ ਮੱਥਾ ਟੇਕਣ ਉਪਰੰਤ ਆਪਣੇ ਮਾਪਿਆਂ ਨਾਲ ਕਾਰ ਵਿੱਚ ਸਵਾਰ ਇਸ ਬੱਚੇ ਨੇ ਬਾਹਰ ਉੱਡਦੀ ਪਤੰਗ ਵੇਖਣ ਲਈ ਜਿਵੇਂ ਹੀ ਮੂੰਹ ਬਾਹਰ ਕੱਢਿਆ ਤਾਂ ਡੋਰ ਨੇ ਇਸ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਡੀਐਮਸੀ ਲੁਧਿਆਣਾ ਵਿੱਚ ਦਾਖਲ ਇਸ ਬੱਚੇ ਨੂੰ ਬਚਾਉਣ ਲਈ 100 ਤੋਂ ਵੱਧ ਟਾਂਕੇ ਉਸ ਦੇ ਚਿਹਰੇ ’ਤੇ ਲਾਉਣੇ ਪਏ ਤੇ ਡਾਕਟਰਾਂ ਵੱਲੋਂ ਉਸ ਦੀ ਪਲਾਸਟਿਕ ਸਰਜਰੀ ਵੀ ਕੀਤੀ ਗਈ ਹੈ। 



ਇਸੇ ਤਰ੍ਹਾਂ ਲਗਾਤਾਰ ਲੋਕ ਚੀਨੀ ਡੋਰ ਦੀ ਲਪੇਟ ਵਿੱਚ ਆ ਰਹੇ ਹਨ। ਇਸ ਪਲਾਸਟਿਕ ਦੀ ਡੋਰ ਕਾਰਨ ਕਈ ਜਣਿਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਸੜਕਾਂ ’ਤੇ ਜਾ ਰਹੇ ਰਾਹਗੀਰ ਡੋਰ ਵਿੱਚ ਉਲਝਦੇ ਦਿਖਾਈ ਦਿੱਤੇ। ਉਥੇ ਹੀ ਸ਼ਹਿਰ ਦੀਆਂ ਜ਼ਿਆਦਾਤਰ ਬਿਜਲੀ ਦੀਆਂ ਤਾਰਾਂ ਪਲਾਸਟਿਕ ਡੋਰ ਦੇ ਨਾਲ ਭਰੀਆਂ ਦੇਖੀਆਂ ਗਈਆਂ। ਹਾਸਲ ਜਾਣਕਾਰੀ ਮੁਤਾਬਕ ਲੋਹੜੀ ’ਤੇ ਪਲਾਸਟਿਕ ਦੀ ਡੋਰ ਨਾਲ ਹੋਈ ਪਤੰਗਬਾਜ਼ੀ ਕਾਰਨ 100 ਤੋਂ ਵੱਧ ਪੰਛੀ ਫੱਟੜ ਹੋਏ ਹਨ, ਜਿਨ੍ਹਾਂ ਦਾ ਇਲਾਜ ਲੁਧਿਆਣਾ ਦੇ ਪੰਛੀ ਪ੍ਰੇਮੀ ਕਰ ਰਹੇ ਹਨ।



ਦਰਅਸਲ ਲੋਹੜੀ ’ਤੇ ਲੁਧਿਆਣਾ ਵਿੱਚ ਵੱਡੇ ਪੱਧਰ ’ਤੇ ਪਤੰਗਬਾਜ਼ੀ ਹੁੰਦੀ ਹੈ। ਨੌਜਵਾਨ ਧਾਗੇ ਦੀ ਦੇਸੀ ਡੋਰ ਨਾਲ ਪਤੰਗ ਉਡਾਉਣ ਦੀ ਬਜਾਏ ਪਲਾਸਟਿਕ ਡੋਰ ਨੂੰ ਤਰਜ਼ੀਹ ਦਿੰਦੇ ਹਨ। ਪਾਬੰਦੀ ਦੇ ਬਾਵਜੂਦ ਲੋਹੜੀ ’ਤੇ ਹਰ ਛੱਤ ’ਤੇ ਪਲਾਸਟਿਕ ਦੀ ਡੋਰ ਹੀ ਨਜ਼ਰ ਆਈ। ਬਿਜਲੀ ਦੇ ਖੰਬੇ ’ਤੇ ਰਸਤੇ ਵਿੱਚ ਡੋਰ ਪਈ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਈ ਥਾਈਂ ਡੋਰ ਕਾਰਨ ਲੋਕਾਂ ਨੂੰ ਕੱਟ ਲੱਗੇ। ਪੰਛੀ ਪ੍ਰੇਮੀ ਵਿਪਨ ਭਾਟੀਆ ਨੇ ਦੱਸਿਆ ਕਿ ਲੋਹੜੀ ਦੇ ਇਨ੍ਹਾਂ ਦਿਨਾਂ ਵਿੱਚ ਹੁਣ ਤੱਕ ਉਨ੍ਹਾਂ ਦੇ ਕੋਲ 100 ਤੋਂ ਵੱਧ ਪੰਛੀ ਫੱਟੜ ਹੋ ਕੇ ਆਏ ਹਨ, ਜਿਨ੍ਹਾਂ ਦਾ ਇਲਾਜ ਉਹ ਕਰ ਰਹੇ ਹਨ।