Jagraon News : ਵਿਧਾਨ ਸਭਾ ਹਲਕਾ ਜਗਰਾਉਂ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਲੋਕਾਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਦੇ ਸਬੰਧ ਵਿੱਚ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਿਹਾਤੀ ਹਲਕਾ ਲੁਧਿਆਣਾ ਦੇ ਡਿਪਟੀ ਚੀਫ਼ ਇੰਜਨੀਅਰ ਇੰਜ:ਜਗਦੇਵ ਸਿੰਘ ਹਾਂਸ ਨਾਲ ਮੁਲਾਕਾਤ ਕੀਤੀ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਹਲਕੇ ਅੰਦਰ ਜਿੱਥੇ ਕਿਧਰੇ ਵੀ ਬਿਜਲੀ ਦੀਆਂ ਤਾਰਾਂ ਨੀਵੀਆਂ ਹਨ, ਉਹ ਉਚੀਆਂ ਕੀਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀਆਂ ਪੱਕੀਆਂ ਕਣਕਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਇਆ ਜਾ ਸਕੇ ਅਤੇ ਜਿਹੜੇ ਵੀ ਇਲਾਕੇ ਵਿੱਚ ਬਿਜਲੀ ਦੀ ਘੱਟ ਵੋਲਟੇਜ਼ ਦੀ ਸਮੱਸਿਆ ਹੈ, ਉਸ ਏਰੀਏ ਵਿੱਚ ਵੋਲਟੇਜ਼ ਚੈਕ ਕਰਕੇ ਲੋੜੀਂਦੇ ਬਿਜਲੀ ਦੇ ਟਰਾਸਫਾਰਮਰ ਸਥਾਪਿਤ ਕੀਤੇ ਜਾਣ। 

 

ਇਸ ਤੋਂ ਇਲਾਵਾ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਹਲਕੇ ਅੰਦਰ ਬਿਜਲੀ ਦੀ ਸਮੱਸਿਆ ਹੱਲ ਕਰਨ ਲਈ 3-4 ਨਵੇਂ 66 ਕੇਵੀ ਗਰਿੱਡ ਸਥਾਪਿਤ ਕਰਵਾਏ ਜਾਣਗੇ ਅਤੇ ਹਲਕੇ ਦੇ ਪਿੰਡ ਗਿੱਦੜਵਿੰਡੀ ਵਿਖੇ ਨਵਾਂ 66 ਕੇਵੀ ਗਰਿੱਡ ਉਸਾਰਨ ਲਈ ਪ੍ਰਪੋਜ਼ਲ ਤਿਆਰ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। ਜਿੱਥੇ ਨਵਾਂ 66 ਕੇਵੀ ਗਰਿੱਡ ਉਸਾਰਿਆ ਜਾਣਾ ਹੈ, ਉਸ ਜਗ੍ਹਾ ਦੀ ਗਿਣਤੀ-ਮਿਣਤੀ ਵੀ ਮਹਿਕਮੇਂ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ ਇਸ ਸਬੰਧੀ ਮਹਿਕਮੇਂ ਦੀ ਮੈਨੇਜਮੈਂਟ ਤੇ ਚੇਅਰਮੈਨ ਨਾਲ ਵਿਚਾਰਨ ਉਪਰੰਤ ਪੰਜਾਬ ਸਰਕਾਰ ਪਾਸੋਂ ਮੰਨਜੂਰੀ ਕਰਵਾਈ ਜਾਵੇਗੀ ਅਤੇ ਜ਼ਲਦੀ ਹੀ ਪਿੰਡ ਗਿੱਦੜਵਿੰਡੀ ਵਿਖੇ ਨਵਾਂ 66 ਕੇਵੀ ਗਰਿੱਡ ਉਸਾਰਕੇ ਹਲਕੇ ਦੇ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਤੋਂ ਨਿਯਾਤ ਦਿਵਾਈ ਜਾਵੇਗੀ। 

 


 

ਮੀਟਿੰਗ ਦੌਰਾਨ ਪਾਵਰਕਾਮ ਲੁਧਿਆਣਾ ਦਿਹਾਤੀ ਦੇ ਡਿਪਟੀ ਚੀਫ਼ ਇੰਜਨੀਅਰ ਇੰਜ:ਜਗਦੇਵ ਸਿੰਘ ਹਾਂਸ ਨੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੇ ਲੋਕਾਂ ਦੀ ਬਿਜਲੀ ਸਬੰਧੀ ਕੀਤੀ ਜਾ ਰਹੀ ਫ਼ਿਕਰਮੰਦੀ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਏਰੀਏ ਦੇ ਸਾਰੇ ਅਫ਼ਸਰਾਂ ਨਾਲ ਮੀਟਿੰਗ ਕਰਕੇ ਲੋਕਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਦੇਣ ਲਈ ਆ ਰਹੀਆਂ ਸਮੱਸਿਆਵਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਉਹਨਾਂ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿੱਥੇ ਕਿਤੇ ਘੱਟ ਵੋਲਟੇਜ਼ ਦੀ ਸਮੱਸਿਆ ਹੈ, ਉਸ ਏਰੀਏ ਵਿੱਚ ਅਗਮਨਟੇਸ਼ਨ ਕਰਕੇ ਨਵੇਂ ਵੱਡੇ ਟਰਾਸਫ਼ਾਰਮਰ ਸਥਾਪਿਤ ਕਰ ਦਿੱਤੇ ਜਾਣਗੇ, ਜਿਹੜੇ ਵੀ ਏਰੀਏ ਵਿੱਚ ਨਵੇਂ 11 ਕੇਵੀ ਫੀਡਰ ਉਸਾਰਨ ਦੀ ਜ਼ਰੂਰਤ ਹੋਈ ਤਾਂ ਨਵੇਂ ਫੀਡਰ ਵੀ ਕੱਢੇ ਜਾਣਗੇ ਅਤੇ ਆਉਣ ਵਾਲੇ ਗਰਮੀ ਅਤੇ ਪੈਡੀ ਸੀਜ਼ਨ ਦੌਰਾਨ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਇੰਜ:ਪਰਮਜੀਤ ਸਿੰਘ ਚੀਮਾਂ, ਰਛਪਾਲ ਸਿੰਘ ਚੀਮਨਾਂ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਆਦਿ ਵੀ ਹਾਜ਼ਰ ਸਨ।