Ludhiana News: ਦੋਰਾਹਾ ਵਿਖੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਨੇ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਰੋਸ ਵਜੋਂ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਧਰਨਾ ਲਾਇਆ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਇੰਤਕਾਲ ਨਹੀਂ ਕੀਤੇ ਜਾਂਦੇ ਜ਼ਮੀਨ ਐਕਵਾਇਰ ਨਹੀਂ ਹੋਣ ਦਿੱਤੀ ਜਾਵੇਗੀ।


ਕਿਸਾਨ ਆਗੂਆਂ ਨੇ ਕਿਹਾ ਕਿ ਹਾਈਵੇ ਕੱਢਣ ਦੇ ਨਾਮ ਉਪਰ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਅਦਾਲਤ 'ਚ ਕੇਸ ਦੇ ਬਾਵਜੂਦ ਕੰਪਨੀ ਵਾਲੇ ਜ਼ਮੀਨ ਐਕਵਾਇਰ ਕਰਨ ਆਏ ਸੀ ਤਾਂ ਵਿਰੋਧ ਕੀਤਾ ਗਿਆ। ਪਿੰਡ ਦੀ ਕਰੀਬ ਇੱਕ ਹਜ਼ਾਰ ਏਕੜ ਜ਼ਮੀਨ ਐਕਵਾਇਰ ਕੀਤੀ ਗਈ ਹੈ। ਇਸ 'ਚੋਂ 500 ਏਕੜ ਦਾ ਇੰਤਕਾਲ ਵੀ ਨਹੀਂ ਕੀਤਾ ਗਿਆ। ਜਦੋਂ ਤੱਕ ਇੰਤਕਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।

 


 

ਇਸ ਤੋਂ ਪਹਿਲਾਂ ਬਿਆਸ-ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ ਬਣਾਉਣ ਲਈ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਬਟਾਲਾ ਨੇੜਲੇ ਪਿੰਡ ਨਵਾਂ ਰੰਗੜ ਨੰਗਲ ਦੇ ਨਜ਼ਦੀਕ ਪ੍ਰਸ਼ਾਸਨ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਘੱਟ ਮੁੱਲ ਦਿੱਤਾ ਗਿਆ ਹੈ ਅਤੇ 100 ਫ਼ੀਸਦੀ ਉਜਾੜਾ ਭੱਤਾ ਵੀ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਕਈ ਹੋਰ ਮੰਗਾਂ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਇਸ ਜ਼ਮੀਨ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਸੀ। 

 

ਦੱਸ ਦੇਈਏ ਕਿ ਇਸ ਤੋਂ ਇਲਾਵਾ ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਦੂਜੇ ਦਿਨ ਵੀ ਅੰਮ੍ਰਿਤਸਰ -ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਹੈ। ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਗੰਨੇ ਦੇ ਬਕਾਏ ਨੂੰ ਲੈ ਕੇ ਹੈ, ਜੋ ਕਿ ਇੱਕ ਹਜ਼ਾਰ ਕਰੋੜ ਰੁਪਏ ਦੇ ‌ਕਰੀਬ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਹਾਈਵੇ ਅਤੇ ਹਾਈਵੇ ਐਕਸਪ੍ਰੈਸ ਵੇਅ ਵਿਚ ਆਉਂਦੀਆਂ ਜ਼ਮੀਨਾਂ ਦੇ ਵਾਜਬ ਅਤੇ ਵੇਲੇ ਸਿਰ ਮੁਆਵਜ਼ੇ ਦਵਾਉਣਾ ਵੀ ਇਸ ਸੰਘਰਸ਼ ਦਾ ਮੁੱਖ ਅਜੰਡਾ ਹੈ।