Ludhiana News: ਲੁਧਿਆਣਾ ਦੀ ਹੈਬੋਵਾਲ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਨਾਬਾਲਗ ਲੜਕੇ ਨੂੰ ਗ੍ਰਿਫ਼ਤਾਰ ਕਰਕੇ ਹੈਬੋਵਾਲ ਦੇ ਜੱਸੀਆਂ ਰੋਡ 'ਤੇ ਰਘਬੀਰ ਪਾਰਕ ਵਿਖੇ ਇੱਕ ਬਜ਼ੁਰਗ ਐਨਆਰਆਈ ਔਰਤ ਦੀ ਮੌਤ ਦੀ ਗੁੱਥੀ ਨੂੰ ਸੁਲਝਾ ਲਿਆ ਹੈ, ਜਿਸ ਨੂੰ ਉਸ ਦੇ ਘਰ ਵਿੱਚ ਸਾੜ ਦਿੱਤਾ ਸੀ। ਐਨਆਰਆਈ ਔਰਤ ਨੂੰ ਜ਼ਿੰਦਾ ਸਾੜ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ, ਪਿਛਲੇ ਕੁਝ ਮਹੀਨਿਆਂ ਤੋਂ ਕਿਰਾਏ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ, ਦੋਸ਼ੀ ਨਾਬਾਲਗ ਲੜਕੇ ਨੇ ਔਰਤ ਨੂੰ ਐਲਪੀਜੀ ਗੈਸ ਸਟੋਵ 'ਤੇ ਧੱਕਾ ਦੇ ਕੇ ਅੱਗ ਲਗਾ ਦਿੱਤੀ ਸੀ।
ਦੋਸ਼ੀ 12ਵੀਂ ਜਮਾਤ ਦਾ ਵਿਦਿਆਰਥੀ
17 ਸਾਲਾ ਦੋਸ਼ੀ ਔਰਤ ਦੇ ਕਿਰਾਏਦਾਰ ਦਾ ਪੁੱਤਰ ਹੈ ਅਤੇ 12ਵੀਂ ਜਮਾਤ ਦਾ ਵਿਦਿਆਰਥੀ ਹੈ। ਪੁਲਿਸ ਉਸ ਦੇ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। 80 ਸਾਲਾ ਪੀੜਤ ਨਰਿੰਦਰ ਕੌਰ ਦਿਓਲ ਇੱਕ ਅਮਰੀਕੀ ਨਾਗਰਿਕ ਸੀ। ਉਹ ਕੁਝ ਮਹੀਨਿਆਂ ਲਈ ਜੱਸੀਆਂ ਰੋਡ 'ਤੇ ਸਥਿਤ ਰਘਬੀਰ ਪਾਰਕ ਵਿਖੇ ਆਪਣੇ ਘਰ ਵਿੱਚ ਰਹਿੰਦੀ ਪਈ ਸੀ, ਜਦੋਂ ਕਿ ਬਾਕੀ ਮਹੀਨੇ ਉਹ ਅਮਰੀਕਾ ਵਿੱਚ ਰਹਿੰਦੀ ਸੀ। ਲੁਧਿਆਣਾ ਵਿੱਚ ਸਥਿਤ ਘਰ ਵਿੱਚ ਉਹ ਘਰ ਦੀ ਪਹਿਲੀ ਮੰਜ਼ਿਲ 'ਤੇ ਰਹਿੰਦੀ ਸੀ ਜਦੋਂ ਕਿ ਉਸ ਨੇ ਹੇਠਲਾਂ ਫਲੋਰ ਇੱਕ ਪਰਿਵਾਰ ਨੂੰ ਕਿਰਾਏ 'ਤੇ ਦਿੱਤਾ ਹੋਇਆ ਸੀ।
ਨਰਿੰਦਰ ਕੌਰ ਨੂੰ 23 ਮਾਰਚ ਨੂੰ ਸਾੜ ਦਿੱਤਾ
ਹੈਬੋਵਾਲ ਪੁਲਿਸ ਸਟੇਸ਼ਨ ਦੀ ਐਸਐਚਓ, ਇੰਸਪੈਕਟਰ ਮਧੂਬਾਲਾ ਨੇ ਕਿਹਾ ਕਿ ਔਰਤ ਨੂੰ 23 ਮਾਰਚ ਨੂੰ ਸਾੜ ਦਿੱਤਾ ਗਿਆ ਸੀ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMCH) ਲੈ ਗਈ। ਪੁਲਿਸ ਨੇ ਉਸ ਦੀ ਧੀ ਰਵਿੰਦਰ ਕੌਰ, ਜੋ ਅਮਰੀਕਾ ਵਿੱਚ ਰਹਿੰਦੀ ਹੈ, ਨੂੰ ਸੂਚਿਤ ਕੀਤਾ, ਜੋ ਸ਼ਹਿਰ ਪਹੁੰਚ ਗਈ। ਇਸ ਦੌਰਾਨ ਔਰਤ ਦੀ 26 ਮਾਰਚ ਨੂੰ ਮੌਤ ਹੋ ਗਈ। ਇਸ ਤੋਂ ਪਹਿਲਾਂ ਪੁਲਿਸ ਨੇ ਰਵਿੰਦਰ ਕੌਰ ਦੇ ਬਿਆਨ 'ਤੇ ਬੀਐਨਐਸਐਸ ਦੀ ਧਾਰਾ 194 ਤਹਿਤ ਜਾਂਚ ਕੀਤੀ ਸੀ।
ਕਿਰਾਏਦਾਰ ਦਾ ਪੁੱਤਰ ਲਾਪਤਾ ਹੋਇਆ, ਤਾਂ ਪੁਲਿਸ ਨੂੰ ਹੋਇਆ ਸ਼ੱਕ
ਬਾਅਦ ਵਿੱਚ ਮ੍ਰਿਤਕ ਦੀ ਧੀ ਨੂੰ ਸ਼ੱਕ ਹੋਇਆ ਕਿ ਉਸ ਦੀ ਮਾਂ ਦਾ ਕਤਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਪਤਾ ਲੱਗਿਆ ਕਿ ਕਿਰਾਏਦਾਰਾਂ ਦਾ ਇੱਕ ਪੁੱਤਰ ਲਾਪਤਾ ਸੀ। ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਉਸਨੂੰ ਚੂਹੜਪੁਰ ਰੋਡ 'ਤੇ ਸੰਗਮ ਚੌਕ ਤੋਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਨਾਬਾਲਗ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਮੁਲਜ਼ਮ ਖ਼ਿਲਾਫ਼ ਬੀਐਨਐਸ ਦੀ ਧਾਰਾ 103 (ਕਤਲ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
6 ਮਹੀਨਿਆਂ ਤੋਂ ਕਿਰਾਇਆ ਬਕਾਇਆ
ਐਸਐਚਓ ਮਧੂਬਾਲਾ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਘਰ ਦਾ ਕਿਰਾਇਆ ਪਿਛਲੇ ਛੇ ਮਹੀਨਿਆਂ ਤੋਂ ਬਕਾਇਆ ਸੀ। ਉਹ ਕਿਰਾਏ ਦਾ ਕੁਝ ਹਿੱਸਾ ਦੇਣ ਲਈ ਉੱਪਰ ਗਿਆ ਸੀ ਕਿਉਂਕਿ ਪਰਿਵਾਰ ਥੋੜ੍ਹੇ ਪੈਸਿਆਂ ਦਾ ਇੰਤਜਾਮ ਕਰ ਸਕਦਾ ਸੀ। ਰਸੋਈ ਵਿੱਚ ਖਾਣਾ ਬਣਾ ਰਹੀ ਔਰਤ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਪੂਰੀ ਰਕਮ ਯਾਨੀ 50,000 ਰੁਪਏ ਦੇਣ ਲਈ ਕਿਹਾ।
ਮੁੰਡੇ ਨੇ ਕਿਹਾ ਕਿ ਗੁੱਸੇ ਵਿੱਚ ਆ ਕੇ ਉਸ ਨੇ ਔਰਤ ਨੂੰ ਗੈਸ ਚੁੱਲ੍ਹੇ ਦੇ ਕੋਲ ਖਿੱਚ ਲਿਆ ਅਤੇ ਉਸ ਦੇ ਕੱਪੜਿਆਂ ਨੂੰ ਅੱਗ ਲਗਾ ਦਿੱਤੀ। ਉਹ ਤੁਰੰਤ ਔਰਤ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਭੱਜ ਗਿਆ। ਜਦੋਂ ਗੁਆਂਢੀਆਂ ਨੇ ਘਰ ਵਿੱਚੋਂ ਅੱਗ ਨਿਕਲਦੀ ਦੇਖੀ ਤਾਂ ਉਹ ਔਰਤ ਨੂੰ ਬਚਾਉਣ ਲਈ ਆਏ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਮੁੰਡੇ ਦਾ ਪਿਤਾ ਬੇਰੁਜ਼ਗਾਰ
ਰਵਿੰਦਰ ਕੌਰ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਮਾਂ ਨੇ ਉਸ ਨੂੰ ਮੁੰਡੇ ਦੇ ਹਮਲੇ ਬਾਰੇ ਦੱਸਿਆ ਸੀ। ਐਸਐਚਓ ਨੇ ਅੱਗੇ ਕਿਹਾ ਕਿ ਲੜਕੇ ਦਾ ਪਿਤਾ ਬੇਰੁਜ਼ਗਾਰ ਹੈ, ਜਦੋਂ ਕਿ ਉਸਦੀ ਮਾਂ ਪਰਿਵਾਰ ਚਲਾਉਂਦੀ ਹੈ। ਮੁੰਡੇ ਦੇ ਦੋ ਭਰਾ ਵੀ ਪਰਿਵਾਰ ਚਲਾਉਣ ਵਿੱਚ ਆਪਣੀ ਮਾਂ ਦੀ ਮਦਦ ਕਰਦੇ ਹਨ। ਮੁੰਡਾ ਇੱਕ ਕੈਮਿਸਟ ਦੀ ਦੁਕਾਨ 'ਤੇ ਪਾਰਟ-ਟਾਈਮ ਵਰਕਰ ਵਜੋਂ ਵੀ ਕੰਮ ਕਰਦਾ ਸੀ।