Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਵਾਈਨ ਫਲੂ ਸਮੇਤ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ। ਲੋਕਾਂ ਨੇ ਸਮੱਸਿਆਵਾਂ ਸੁਣਾਈਆਂ ਤਾਂ ਐਮਪੀ ਬਿੱਟੂ ਨੇ ਸਰਕਾਰ ਉੱਪਰ ਨਿਸ਼ਾਨਾ ਸਾਧਦਿਆਂ ਕਿਹਾ ਮੁਹੱਲਾ ਕਲੀਨਕਾਂ ਦੇ ਨਾਲ ਨਾਲ ਹਸਪਤਾਲ ਵੱਲ ਵੀ ਸਰਕਾਰ ਧਿਆਨ ਦੇਵੇ। ਇਸ ਦੌਰਾਨ ਉਹ ਅੰਮ੍ਰਿਤਪਾਲ ਸਿੰਘ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਦੇਸ਼ ਛੱਡਣ ਦੇ ਬਿਆਨ ਤੇ ਫੌਜਾ ਸਿੰਘ ਸਰਾਰੀ ਬਾਰੇ ਵੀ ਗੱਲ ਕੀਤੀ।
ਐਮਪੀ ਰਵਨੀਤ ਸਿੰਘ ਬਿੱਟੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਬੋਲਦੇ ਹੋਏ ਕਿਹਾ ਕਿ ਐਸਜੀਪੀਸੀ ਨੂੰ ਇਸ ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਅੰਮ੍ਰਿਤ ਛਕਾਉਣ ਦੀ ਗੱਲ ਦੇ ਚਲਦਿਆਂ ਹਥਿਆਰਾਂ ਨਾਲ ਲੈਸ ਆਪਣੇ ਸਾਥੀ ਗੁਰਗਿਆਂ ਨਾਲ ਦਰਬਾਰ ਸਾਹਿਬ ਵਿੱਚ ਜਾਣਾ ਅਤੀ ਨਿੰਦਣਯੋਗ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿੱਥੇ ਕੋਈ ਇੱਕ ਸਾਲ ਦਾ ਬੱਚਾ ਵੀ ਜੁਰਾਬ ਪਾ ਕੇ ਜਾਂਦਾ ਹੈ ਤਾਂ ਉਸ ਨੂੰ ਉਤਾਰਨ ਲਈ ਕਹਿ ਦਿੱਤਾ ਜਾਂਦਾ ਹੈ ਪਰ ਅੰਮ੍ਰਿਤਪਾਲ ਸਿੰਘ ਤੇ ਕਾਰਵਾਈ ਨਾ ਹੋਣਾ ਕਿਤੇ ਨਾ ਕਿਤੇ ਸਰਕਾਰ ਤੇ ਵੀ ਸਵਾਲੀਆ ਨਿਸ਼ਾਨ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਹਾਲੇ ਇਸ ਮਾਮਲੇ ਨੂੰ ਲੈ ਕੇ ਚੁੱਪ ਹੈ ਪਰ ਕਦੇ ਵੀ ਮਾਹੌਲ ਵਿਗੜ ਸਕਦਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਡੀਜੀਪੀ ਨੂੰ 25 ਨਵੰਬਰ ਨੂੰ ਮਿਲਣ ਦਾ ਸਮਾਂ ਮੰਗਿਆ ਗਿਆ ਹੈ ਤੇ ਸੁਣਵਾਈ ਨਾ ਹੋਣ ਤੇ ਪਰ ਛੱਡਣ ਦੀ ਗੱਲ ਕਹੀ ਗਈ ਹੈ। ਇਸ ਤੇ ਐਮਪੀ ਰਵਨੀਤ ਬਿੱਟੂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦਾ ਗੱਭਰੂ ਜੁਆਨ ਪੁੱਤ ਚਲੇ ਜਾਣਾ, ਉਹ ਵੀ ਇਕੱਲੇ ਮਾਪਿਆਂ ਦਾ ਪੁੱਤ ਤਾਂ ਕਿਤੇ ਨਾ ਕਿਤੇ ਪਰਿਵਾਰ ਨੂੰ ਕਾਫੀ ਧੱਕਾ ਮਹਿਸੂਸ ਹੋਇਆ ਹੈ ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਕਾਰਨ ਉਹ ਸਰਕਾਰ ਨੂੰ ਮਿਲਣ ਦਾ ਸਮਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੜਾਈ ਲੜਨੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਦਾਦਾ ਸਰਦਾਰ ਬੇਅੰਤ ਸਿੰਘ ਜੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਵੀ ਹਾਲੇ ਤੱਕ ਲੜਾਈਆਂ ਲੜ ਰਹੇ ਹਨ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਡਟ ਕੇ ਲੜਾਈ ਲੜਨ ਦੀ ਜ਼ਰੂਰਤ ਹੈ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਸਥਿਤ ਸਵਾਈਨ ਫਲੂ ਵਾਰਡ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਵਾਰਡ ਦਾ ਦੌਰਾ ਕਰ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ। ਉਥੇ ਹੀ ਉਨ੍ਹਾਂ ਵੱਖ-ਵੱਖ ਵਾਰਡਾਂ ਵਿੱਚ ਜਾ ਲੋਕਾਂ ਨਾਲ ਗੱਲਬਾਤ ਕੀਤੀ ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਬਾਰੇ ਪੇਸ਼ਕਾਰੀਆਂ ਸਮੱਸਿਆਵਾਂ ਬਾਰੇ ਦੱਸਿਆ ਤੇ ਕਿਹਾ ਕਿ ਇਸ ਹਸਪਤਾਲ ਵਿੱਚ ਸੁਵਿਧਾ ਦੇ ਕੋਈ ਵੀ ਪ੍ਰਬੰਧ ਨਹੀਂ ਤੇ ਨਾ ਹੀ ਕੋਈ ਡਾਕਟਰ ਸਮੇਂ ਸਿਰ ਮਿਲਦਾ ਹੈ।
ਉੱਧਰ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਸਿਵਲ ਹਸਪਤਾਲ ਵਿੱਚ ਲੋਕਾਂ ਨੂੰ ਇਹ ਸਾਰੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਤਾਂ ਉੱਥੇ ਹੀ ਕਿਹਾ ਕਿ ਜੋ ਸਰਕਾਰ ਮੁਹੱਲਾ ਕਲੀਨਿਕ ਦੇ ਜ਼ਰੀਏ ਲੋਕਾਂ ਨੂੰ ਸੁਵਿਧਾ ਦੇਣ ਦਾ ਵਾਅਦਾ ਕਰਦੀ ਹੈ, ਉਹ ਕਿਤੇ ਵੀ ਸਿਰੇ ਚੜ੍ਹਦਾ ਨਹੀਂ ਜਾਪ ਰਿਹਾ। ਉਨ੍ਹਾਂ ਕਿਹਾ ਕਿ ਲੋਕ ਸਿਵਲ ਹਸਪਤਾਲ ਵਿੱਚ ਆਪਣਾ ਇਲਾਜ ਕਰਾਉਣ ਲਈ ਡਾਕਟਰ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲਾਂ ਕਦੇ ਵੀ ਨਹੀਂ ਦੇਖਿਆ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਤੇ ਜੰਮ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਸ ਸਬੰਧੀ ਉਹ ਸੱਤ ਤਰੀਕ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਚ ਹਿੱਸਾ ਲੈਣਗੇ ਤੇ ਇਨ੍ਹਾਂ ਕਮੀਆਂ ਨੂੰ ਚੁੱਕਣਗੇ।