Ludhiana News: ਲੁਧਿਆਣਾ ਵਿੱਚ ਕੁਝ ਆਈਪੀਐਸ ਅਫ਼ਸਰ ਸਰਕਾਰੀ ਰਿਹਾਇਸ਼ ਨਹੀਂ ਛੱਡ ਰਹੇ। ਇਸ ਮਗਰੋਂ ਪੁਲਿਸ ਕਮਿਸ਼ਨਰ ਨੇ ਸਖ਼ਤੀ ਦਿਖਾਉਂਦਿਆਂ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰਿਹਾਇਸ਼ ਖਾਲੀ ਨਾ ਕਰਨ ਦੀ ਸੂਰਤ ਵਿੱਚ ਕਿਰਾਇਆ ਵਸੂਲਿਆ ਜਾਵੇਗਾ।


ਦੱਸ ਦਈਏ ਕਿ ਲੁਧਿਆਣਾ ਵਿੱਚ ਤਬਾਦਲੇ ਦੇ ਬਾਵਜੂਦ ਕਈ ਆਈਪੀਐਸ ਅਫਸਰ ਆਪਣੀ ਰਿਹਾਇਸ਼ ਨਹੀਂ ਛੱਡ ਰਹੇ। ਇਸ ਕਰਕੇ ਬਾਕੀ ਆਈਪੀਐਸ ਅਫਸਰਾਂ ਨੂੰ ਰਿਹਾਇਸ਼ ਨਹੀਂ ਮਿਲ ਰਹੀ। ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਅਜਿਹੇ ਅਧਿਕਾਰੀਆਂ ਤੇ ਸਖਤੀ ਵਿਖਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਤਬਾਦਲਾ ਹੀ ਹੋ ਗਿਆ ਹੈ ਤਾਂ ਉਨ੍ਹਾਂ ਨੂੰ ਰਿਹਾਇਸ਼ ਖਾਲੀ ਕਰਨੀ ਪਵੇਗੀ। ਇਹ ਕਨੂੰਨੀ ਤੌਰ ਤੇ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੈੱਡਕੁਆਟਰ ਇਸ ਸਬੰਧੀ ਸੂਚੀ ਵੀ ਭੇਜੀ ਹੈ ਜਿਸ ਵਿੱਚ 7 ਅਜਿਹੇ ਅਫਸਰਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨੇ ਆਪਣੀਆਂ ਰਿਹਾਇਸ਼ਾਂ ਤਬਾਦਲੇ ਦੇ ਬਾਵਜੂਦ ਖਾਲੀ ਨਹੀਂ ਕੀਤੀਆਂ। 



ਹਾਲਾਂਕਿ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਇਨ੍ਹਾਂ ਅਫਸਰਾਂ ਦੇ ਨਾਂ ਲੈਣ ਤੋਂ ਗੁਰੇਜ਼ ਕੀਤਾ ਪਰ ਇੰਨਾ ਜ਼ਰੂਰ ਕਿਹਾ ਕਿ ਜੋ ਨਵੇਂ ਅਫਸਰ ਲੁਧਿਆਣਾ ਆ ਰਹੇ ਹਨ, ਉਨ੍ਹਾਂ ਨੂੰ ਰਹਿਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਹੋ ਰਿਹਾ ਹੈ ਕਿਉਂਕਿ ਹੋਰਨਾਂ ਜ਼ਿਲ੍ਹਿਆਂ ਵਿੱਚ ਤਬਾਦਲਾ ਹੋਣ ਦੇ ਬਾਵਜੂਦ ਉਹ ਲੁਧਿਆਣਾ ਆਪਣੀ ਰਿਹਾਇਸ਼ ਨਹੀਂ ਛੱਡ ਰਹੇ।


ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਜਿੱਥੇ ਤਬਾਦਲਾ ਹੋਇਆ ਹੈ, ਉਥੇ ਰਿਹਾਇਸ਼ ਮਿਲ ਚੁੱਕੀ ਹੈ। ਅਜਿਹੇ ਵਿੱਚ ਦੋ ਰਿਹਾਇਸ਼ਾਂ ਰੱਖਣੀਆਂ ਸਹੀ ਨਹੀਂ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਨੂੰ ਅਜਿਹੇ ਘਰ ਖਾਲੀ ਕਰਨੇ ਪੈਣਗੇ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਤੋਂ ਮਾਰਕੀਟ ਦੇ ਹਿਸਾਬ ਨਾਲ ਇਨ੍ਹਾਂ ਰਿਹਾਇਸ਼ਾਂ ਦਾ ਕਿਰਾਇਆ ਵਸੂਲਿਆ ਜਾਵੇਗਾ। 


ਪੁਲਿਸ ਕਮਿਸ਼ਨਰ ਨੇ ਕਿਹਾ ਕਿ 7 ਦੇ ਕਰੀਬ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਤੇ ਬਾਕੀਆਂ ਦੀ ਲਿਸਟ ਵੀ ਅਸੀਂ ਆਪਣੇ ਹੈੱਡਕੁਆਟਰ ਦੇ ਦਿੱਤੀ ਹੈ। ਨਿਯਮ ਮੁਤਾਬਕ ਤਬਾਦਲੇ ਤੋਂ ਬਾਅਦ ਅਧਿਕਾਰੀਆਂ ਨੂੰ 2 ਤੋਂ 6 ਮਹੀਨੇ ਅੰਦਰ ਇਹ ਮਕਾਨ ਖ਼ਾਲੀ ਕਰਨੇ ਹੁੰਦੇ ਹਨ।