Ludhiana News: ਪੰਜਾਬ ਦੀਆਂ ਜੇਲ੍ਹਾਂ ਵਿੱਚ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਜੇਲ੍ਹਾਂ ਅੰਦਰੋਂ ਰੋਜ਼ਾਨਾ ਨਸ਼ਾ ਤੇ ਮੋਬਾਈਲ ਬਰਾਮਦ ਹੋ ਰਹੇ ਹਨ ਜਿਸ ਤੋਂ ਕਰਕੇ ਜੇਲ੍ਹ ਪ੍ਰਸ਼ਾਸਨ ਉੱਪਰ ਵੀ ਸਵਾਲ ਉੱਠਣ ਲੱਗੇ ਹਨ। ਅਹਿਮ ਗੱਲ ਹੈ ਕਿ ਜਿਨ੍ਹਾਂ ਜੇਲ੍ਹਾਂ ਦੀ ਸੁਰੱਖਿਆ ਸੀਆਰਪੀਐਫ਼ ਦੇ ਹੱਥ ਹੈ, ਉੱਥੇ ਵੀ ਇਹੀ ਹਾਲ ਹੈ।
ਅਜਿਹੀ ਹੀ ਹਕੀਕਤ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਤਿੰਨ ਤੋਂ ਚਾਰ ਕਿਲੋਮੀਟਰ ਦੇ ਖੇਤਰ ’ਚ ਫੈਲੀ ਸ਼ਹਿਰ ਦੀ ਹਾਈ ਸੁਰੱਖਿਆ ਕੇਂਦਰੀ ਜੇਲ੍ਹ ਦੀ ਹੈ। ਇੱਥੇ ਪੰਜਾਬ ਪੁਲਿਸ ਦੇ ਨਾਲ ਸੀਆਰਪੀਐਫ਼ ਇਸ ਲਈ ਲਾਈ ਗਈ ਸੀ ਕਿ ਜੇਲ੍ਹ ’ਚ ਮੋਬਾਈਲ ਫੋਨ ਤੇ ਨਸ਼ੇ ਦੀ ਵਰਤੋਂ ’ਤੇ ਰੋਕ ਲਾਈ ਜਾ ਸਕੇ ਪਰ ਹਾਲਾਤ ਸੁਧਰਨ ਦੀ ਥਾਂ ਹੋਰ ਵਿਗੜ ਗਏ ਹਨ। ਜੇਲ੍ਹ ’ਚ ਰੋਜ਼ਾਨਾ ਮੋਬਾਈਲ ਫੋਨ ਮਿਲ ਰਹੇ ਹਨ ਤੇ ਹੁਣ ਨਸ਼ਾ ਵੀ ਮਿਲਣ ਲੱਗਿਆ ਹੈ।
ਪਿਛਲੇ ਮਹੀਨੇ ਵਿੱਚ ਦੇਖਿਆ ਜਾਵੇ ਤਾਂ ਜੇਲ੍ਹ ’ਚੋਂ ਕਰੀਬ 70 ਮੋਬਾਈਲ ਫੋਨ ਮਿਲ ਚੁੱਕੇ ਹਨ। ਇਸ ਦੇ ਨਾਲ ਨਾਲ ਨਸ਼ੀਲਾ ਪਦਾਰਥ ਵੀ ਅੰਦਰੋਂ ਬਰਾਮਦ ਹੋ ਚੁੱਕਿਆ ਹੈ। ਇਸ ਤੋਂ ਸਾਫ਼ ਹੈ ਕਿ ਜੇਲ੍ਹ ਦੇ ਅੰਦਰ ਮੋਬਾਈਲ ਦੇ ਨਾਲ ਨਾਲ ਨਸ਼ੇ ਦੀ ਸਪਲਾਈ ਵੀ ਧੜੱਲੇ ਨਾਲ ਹੋ ਰਹੀ ਹੈ। ਜੇਲ੍ਹ ਪ੍ਰਸ਼ਾਸਨ ਸਿਰਫ਼ ਕੇਸ ਦਰਜ ਕਰਵਾਉਣਾ ਹੀ ਆਪਣਾ ਕੰਮ ਸਮਝ ਰਿਹਾ ਹੈ। ਕਦੇ ਇਸ ਗੱਲ ਦੀ ਜਾਂਚ ਨਹੀਂ ਕੀਤੀ ਗਈ ਕਿ ਫੋਨ ਕਿੱਥੋਂ ਆਇਆ।
ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਕਿ 7 ਮਹੀਨੇ ਦੀ ਸਰਕਾਰ ’ਚ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ, ਪਰ ਦੋ ਨੰਬਰ ਦਾ ਧੰਦਾ ਕਰਨ ਵਾਲੇ ਅਪਰਾਧੀ ਜੇਲ੍ਹ ਵਿੱਚੋਂ ਹੀ ਆਰਾਮ ਨਾਲ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇ ਜੇਲ੍ਹ ਪ੍ਰਸਾਸ਼ਨ ਮੁਸਤੈਦੀ ਨਾਲ ਜੇਲ੍ਹ ਦੇ ਆਸਪਾਸ ਲੱਗੇ ਜੇਲ੍ਹ ਦੇ ਮੋਬਾਈਲ ਟਾਵਰਾਂ ਦੀ ਲੋਕੇਸ਼ਨ ਚੈੱਕ ਕਰਵਾਏ ਤਾਂ ਮੋਬਾਈਲ ਫੋਨ ਬਰਮਾਦ ਹੋ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।