Lok Sabha Elections: 2024: ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਾਫੀ ਡਰਾਮੇਬਾਜ਼ੀ ਤੋਂ ਬਾਅਦ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੂੰ ਤੁਰੰਤ ਨਗਰ ਨਿਗਮ ਵਿੱਚ 2 ਕਰੋੜ ਰੁਪਏ ਜਮ੍ਹਾ ਕਰਵਾਉਣੇ ਪਏ। ਨਾਮਜ਼ਦਗੀ ਭਰਨ ਤੋਂ ਬਾਅਦ ਵਾਪਸ ਪਰਤੇ ਰਵਨੀਤ ਬਿੱਟੂ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਵਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। 'ਆਪ' ਦੇ ਨਾਲ-ਨਾਲ ਕਾਂਗਰਸ ਵੀ ਇਸ ਸਾਜ਼ਿਸ਼ 'ਚ ਸ਼ਾਮਲ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਉਹ ਇਸ ਸਾਰੀ ਘਟਨਾ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ।

  


ਨਗਰ ਨਿਗਮ 'ਚ 2 ਕਰੋੜ ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਰਵਨੀਤ ਬਿੱਟੂ ਨੇ ਕਰੀਬ 2.30 ਵਜੇ ਆਪਣਾ ਨਾਮਜ਼ਦਗੀ ਪੱਤਰ ਡੀਸੀ ਨੂੰ ਦਿੱਤਾ ਪਰ ਸਮਾਂ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਕਾਗਜ਼ਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋ ਸਕੀ। ਡੀਸੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਕੀਤੀ ਜਾਵੇਗੀ।


ਬਿੱਟੂ ਨੇ ਕਿਹਾ- ਗਹਿਣੇ ਅਤੇ ਜ਼ਮੀਨ ਗਿਰਵੀ ਰੱਖ ਕੇ ਦਿੱਤੇ 2 ਕਰੋੜ ਰੁਪਏ



ਰਵਨੀਤ ਬਿੱਟੂ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਉਸ ਵਿਰੁੱਧ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਰਾਤ 12:15 ਵਜੇ ਉਸ ਨੂੰ ਨਗਰ ਨਿਗਮ ਵੱਲੋਂ ਈ-ਮੇਲ ਰਾਹੀਂ ਨੋਟਿਸ ਦਿੱਤਾ ਗਿਆ ਕਿ ਉਸ ਕੋਲ ਸਰਕਾਰੀ ਮਕਾਨ ਦਾ 10 ਸਾਲ ਦਾ ਕਿਰਾਇਆ, ਪਾਣੀ, ਬਿਜਲੀ ਆਦਿ ਦੇ ਬਿੱਲ ਬਕਾਇਆ ਹਨ ਅਤੇ ਉਸ ਨੂੰ 2 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ।  ਅੱਜ ਉਸ ਨੂੰ ਨਾਮਜ਼ਦਗੀ ਦਾਖ਼ਲ ਕਰਨ ਤੋਂ ਸਿਰਫ਼ 12 ਘੰਟੇ ਪਹਿਲਾਂ ਨੋਟਿਸ ਦਿੱਤਾ ਗਿਆ ਹੈ, ਜੋ ਕਿ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਸਾਜ਼ਿਸ਼ ਵਿੱਚ ਕਾਂਗਰਸ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 48 ਘੰਟਿਆਂ ਅੰਦਰ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।


ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਉਸ ਨੂੰ  ਆਪਣੀ ਪਤਨੀ ਦੇ ਗਹਿਣੇ, ਆਪਣੀ ਅਤੇ ਆਪਣੇ ਪਿਤਾ ਦੀ ਜ਼ਮੀਨ ਗਿਰਵੀ ਰੱਖਣੀ ਪਈ। ਕਿਸੇ ਤਰ੍ਹਾਂ ਰਿਸ਼ਤੇਦਾਰਾਂ ਤੋਂ 2 ਕਰੋੜ ਰੁਪਏ ਇਕੱਠੇ ਕਰਕੇ ਨਗਰ ਨਿਗਮ ਨੂੰ ਅਦਾ ਕੀਤੇ। ਬਿੱਟੂ ਨੇ ਪੁੱਛਿਆ ਕਿ ਉਨ੍ਹਾਂ ਨੂੰ 10 ਸਾਲ ਪਹਿਲਾਂ ਨੋਟਿਸ ਕਿਉਂ ਨਹੀਂ ਦਿੱਤਾ ਗਿਆ।