Ludhiana News: ਲੁਧਿਆਣਾ ਦੇ ਗਾਂਧੀ ਨਗਰ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਹਨ। ਗੋਲੀਬਾਰੀ 'ਚ ਕੱਪੜਾ ਵਪਾਰੀ ਜ਼ਖਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਮਨੀਸ਼ ਗੁਜਰਾਲ ਉਰਫ਼ ਮਨੂ ਵਜੋਂ ਹੋਈ ਹੈ। ਮਨੂ ਕੱਪੜੇ ਦੀ ਦੁਕਾਨ ਦੇ ਬਾਹਰ ਖੜ੍ਹਾ ਸੀ। ਕਰੀਬ 4 ਤੋਂ 5 ਬਦਮਾਸ਼ ਬਾਈਕ 'ਤੇ ਬਾਜ਼ਾਰ 'ਚ ਆਏ। ਪਹਿਲਾਂ ਉਨ੍ਹਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਗੋਲ਼ੀਆਂ ਚਲਾ ਕੇ ਮਨੂ ਨੂੰ ਜ਼ਖ਼ਮੀ ਕਰ ਦਿੱਤਾ।
ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ। ਇਸ ਦੌਰਾਨ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਬਦਮਾਸ਼ਾਂ ਨੇ 3 ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਇੱਕ ਗੋਲੀ ਮਨੂ ਦੇ ਪੇਟ 'ਚ ਲੱਗੀ ਦੱਸੀ ਜਾਂਦੀ ਹੈ। ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਡੀਐਮਸੀ ਹਸਪਤਾਲ ਪਹੁੰਚਾਇਆ। ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ ਮਨੂ ਭਾਜਪਾ ਆਗੂ ਮਹੇਸ਼ ਦੱਤ ਸ਼ਰਮਾ ਦੇ ਭਰਾ ਰਾਜੂ ਦੀ ਦੁਕਾਨ ’ਤੇ ਬੈਠਾ ਸੀ। ਮਨੂ ਦੀ ਭੈਣ ਦੇ ਸਹੁਰੇ ਘਰ ਵਿੱਚ ਤਕਰਾਰ ਨੂੰ ਲੈ ਕੇ ਰਾਜੂ ਨੇ ਸਹੁਰਿਆਂ ਨੂੰ ਬੁਲਾਇਆ ਸੀ। ਕੁਝ ਸਮੇਂ ਬਾਅਦ ਜਦੋਂ ਰਾਜੂ ਘਰੋਂ ਖਾਣਾ ਖਾਣ ਲਈ ਜਾਣ ਲੱਗਾ ਤਾਂ 4 ਤੋਂ 5 ਬਾਈਕ ਸਵਾਰਾਂ ਨੇ ਉਸ ਦੇ ਦਫ਼ਤਰ 'ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਪਹਿਲਾਂ ਮਨੂ 'ਤੇ ਤਲਵਾਰ ਨਾਲ ਹਮਲਾ ਕੀਤਾ। ਇਸ ਦੌਰਾਨ ਦੂਜੇ ਬਦਮਾਸ਼ ਨੇ ਪਿਸਤੌਲ ਕੱਢ ਲਿਆ। ਪਤਾ ਲੱਗਾ ਹੈ ਕਿ ਬਦਮਾਸ਼ਾਂ ਨੇ ਮਨੂ 'ਤੇ ਤਿੰਨ ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਇੱਕ ਗੋਲੀ ਉਸ ਨੂੰ ਲੱਗੀ।
ਸ਼ਰੇਆਮ ਹੋਈ ਇਸ ਵਾਰਦਾਤ ਤੋਂ ਬਾਅਦ ਗਾਂਧੀ ਨਗਰ ਬਾਜ਼ਾਰ ਦੇ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਹੈ। ਪੁਲਿਸ ਦੁਕਾਨਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਲੈ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦੁਕਾਨਦਾਰਾਂ ਅਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਕਰ ਰਹੀ ਹੈ। ਹਸਪਤਾਲ ਵਿੱਚ ਮਨੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।