Ludhiana News: ਐਨਆਰਆਈ ਦੀ ਕੋਠੀ ‘ਤੇ ਕਬਜ਼ੇ ਵਿੱਚ ਨਾਂ ਆਉਣ ਮਗਰੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਬੇਸ਼ੱਕ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਕਿਸੇ ਕੋਲੋਂ ਕੋਠੀ ਕਰਾਏ ਉੱਪਰ ਲਈ ਸੀ ਤੇ ਉਨ੍ਹਾਂ ਦਾ ਕਬਜ਼ੇ ਦੇ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ ਪਰ ਵਿਰੋਧੀ ਧਿਰਾਂ ਵਿਧਾਇਕਾ ਮਾਣੂੰਕੇ ਨੂੰ ਘੇਰ ਰਹੀਆਂ ਹਨ। ਲੁਧਿਆਣਾ 'ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੋਠੀ 'ਤੇ ਕਬਜ਼ੇ ਨੂੰ ਲੈ ਕੇ ਟਵੀਟ ਕੀਤਾ ਹੈ। 


ਉਨ੍ਹਾਂ ਲਿਖਿਆ ''ਸੂਬੇ ਦਾ ਰਖਵਾਲਾ ਮੁੱਖ ਮੰਤਰੀ ਹੁੰਦਾ ਹੈ ਤੇ ਲੱਖਾਂ ਪ੍ਰਵਾਸੀ ਭਾਰਤੀਆਂ ਤੇ ਪੰਜਾਬੀਆਂ ਨੂੰ ਉਮੀਦ ਹੈ ਕਿ ਉਹ ਐਨਆਰਆਈ ਪਰਿਵਾਰ ਦੇ ਘਰ ਦੇ ਮਾਮਲੇ 'ਚ ਇਸ ਤੋਂ ਉਪਰ ਉਠ ਕੇ ਕਾਰਵਾਈ ਕਰਨਗੇ ਕਿ ਦੋਸ਼ੀ ਉਨ੍ਹਾਂ ਦੀ ਪਾਰਟੀ ਦੀ ਹੀ ਵਿਧਾਇਕ ਹੈ। ਮੁੱਖ ਮੰਤਰੀ ਨੂੰ ਆਪਣੇ ਪੱਧਰ 'ਤੇ ਜਾਂਚ ਕਰ ਕੇ ਇਨਸਾਫ਼ ਦੇਣਾ ਚਾਹੀਦੀ ਹੈ।


 






ਇਸ ਦੇ ਨਾਲ ਹੀ ਐਨਆਰਆਈ ਦੀ ਕੋਠੀ ‘ਤੇ ਕਬਜ਼ੇ ਦੇ ਰੌਲੇ ਕਾਰਨ ਵਿਵਾਦਾਂ ‘ਚ ਫਸੀ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਘੇਰਦਿਆਂ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਹੋਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਵਿਧਾਇਕਾ ‘ਦਲਿਤ ਪੱਤਾ’ ਖੇਡਣ ਦੀ ਕੋਸ਼ਿਸ਼ ਨਾ ਕਰੇ। ਕਾਂਗਰਸ ਦੇ ਹਲਕਾ ਇੰਚਾਰਜ ਜੱਗਾ ਹਿੱਸੋਵਾਲ, ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਹੀ ਰਾਏਕੋਟ ਤੋਂ ਵਿਧਾਇਕ ਸਨ, ਨੇ ਕਿਹਾ ਕਿ ਉਹ ਵੀ ਇਕ ਦਲਿਤ ਪਰਿਵਾਰ ਤੋਂ ਹਨ ਪਰ ਇਸ ਭਾਈਚਾਰੇ ਵਿੱਚੋਂ ਹੋਣਾ ਲੋਕਾਂ ਦੀਆਂ ਕੋਠੀਆਂ ਤੇ ਜਾਇਦਾਦਾਂ ’ਤੇ ਕਬਜ਼ੇ ਕਰਨ ਦਾ ਲਾਇਸੈਂਸ ਨਹੀਂ ਦਿੰਦਾ।


ਦੱਸ ਦਈਏ ਕਿ ਪੁਲਿਸ ਨੇ ਸੂਬੇ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਕੈਨੇਡੀਅਨ ਪ੍ਰਵਾਸੀ ਪਰਿਵਾਰ ਦੀ ਜਗਰਾਉਂ ‘ਚ ਕੋਠੀ ਦੇ ਮਾਮਲੇ ਵਿੱਚ ਦੋ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਦੇ ਬਾਵਜੂਦ ਪ੍ਰਵਾਸੀ ਪਰਿਵਾਰ ਦੀ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਦੱਬੀ ਕੋਠੀ ਦਾ ਮਾਮਲਾ ਰੁਕਣ ਦੀ ਥਾਂ ਤੂਲ ਫੜਦਾ ਜਾ ਰਿਹਾ ਹੈ। 



ਇਸ ਸਬੰਧ ’ਚ ਲੋਕ ਹਿੱਤ ਸੰਘਰਸ਼ ਕਮੇਟੀ ਬਲਾਕ ਜਗਰਾਉਂ ਤੇ ਸਿੱਧਵਾਂ ਬੇਟ ਦੀ ਮੀਟਿੰਗ ਕਨਵੀਨਰ ਰਾਮਸਰਨ ਰਸੂਲਪੁਰ ਤੇ ਸਹਿ ਕਨਵੀਨਰ ਜੋਗਿੰਦਰ ਆਜ਼ਾਦ ਦੀ ਅਗਵਾਈ ਹੇਠ ਹੋਈ। ਉਨ੍ਹਾਂ ਮੰਗ ਕੀਤੀ ਕਿ ਸਥਾਨਕ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਵੱਲੋਂ ਐਨਆਰਆਈ ਪਰਿਵਾਰ ਦੀ ਕੋਠੀ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਦੀ ਜਾਂਚ ਕਰਦੇ ਹੋਏ ਸੱਚ ਸਾਹਮਣੇ ਲੈ ਕੇ ਆਵੇ ਤੇ ਰਹਿੰਦੇ ਠੱਗ ਟੋਲੇ ਖ਼ਿਲਾਫ਼ ਵੀ ਬਿਨਾਂ ਦੇਰੀ ਕੇਸ ਦਰਜ ਕਰੇ। 


ਉਨ੍ਹਾਂ ਪੁਲਿਸ ਦੀ ਕਾਰਵਾਈ ਨੂੰ ਸ਼ੱਕੀ ਆਖਦੇ ਹੋਏ ਇਸ ਨੂੰ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਦੱਸਿਆ। ਉਧਰ, ਸੀਨੀਅਰ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਕਿ ਕਾਰਵਾਈ ਚੱਲ ਰਹੀ ਹੈ, ਜਿਹੜੇ ਜਿਹੜੇ ਦੋਸ਼ੀ ਪਾਏ ਜਾਣਗੇ ਸਾਰਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।