Ludhiana News: ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੀਆਂ ਟੁੱਟ ਚੁੱਕੀਆਂ ਸੜਕਾਂ ਦੀ ਹਾਲਤ ਸੁਧਾਰਨ ਅਤੇ ਨਵੀਆਂ ਸੜਕਾਂ ਬਨਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਸ ਸਮੇਂ ਬੂਰ ਪੈਣਾ ਸ਼ੁਰੂ ਹੋ ਗਿਆ, ਜਦੋਂ ਲੋਕ ਨਿਰਮਾਣ ਵਿਭਾਗ ਦੇ ਕੁਆਲਟੀ ਕੰਟਰੋਲ ਸੈਲ ਰਿਸਰਚ ਲੈਬ ਪਟਿਆਲਾ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਵਿਭਾਗ ਨਾਲ ਸਬੰਧਿਤ ਹਲਕੇ ਦੀਆਂ ਟੁੱਟੀਆਂ ਸੜਕਾਂ ਦਾ ਨਿਰੀਖਣ ਕੀਤਾ ਗਿਆ।


ਇਨ੍ਹਾਂ ਅਧਿਕਾਰੀਆਂ ਦੀ ਟੀਮ ਵੱਲੋਂ ਲੁਧਿਆਣਾ-ਫਿਰੋਜ਼ਪੁਰ ਰੋਡ ਤੋਂ ਗਾਲਿਬ ਕਲਾਂ-ਕੋਕਰੀ ਰੋਡ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੱਕ 7.5 ਕਿਲੋ ਮੀਟਰ ਤੱਕ ਅਤੇ ਵਿਸ਼ੇਸ਼ ਤੌਰਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਰਾਏਕੋਟ-ਜਗਰਾਉਂ ਰੋਡ ਕਮਾਲਪੁਰਾ ਸਕੂਲ ਤੋਂ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੱਕ 18.30 ਕਿਲੋ ਮੀਟਰ ਵਾਇਆ ਲੰਮੇ, ਜੱਟਪੁਰਾ, ਮਾਣੂੰਕੇ, ਲੱਖਾ, ਚਕਰ ਆਦਿ ਟੁੱਟ ਚੁੱਕੇ ਮਾਰਗ ਦਾ ਮੁਆਇਨਾਂ ਕੀਤਾ ਗਿਆ।


ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਜਗਰਾਉਂ ਹਲਕੇ ਨਾਲ ਸਬੰਧਿਤ ਅਧਿਕਾਰੀਆਂ ਪਾਸੋਂ ਇਹਨਾਂ ਸੜਕਾਂ ਨੂੰ ਨਵੀਆਂ ਬਨਾਉਣ ਲਈ ਤਖਮੀਨੇ ਆਦਿ ਮੰਗ ਲਏ ਗਏ ਹਨ ਤਾਂ ਜੋ ਇਹਨਾਂ ਸੜਕਾਂ ਨੂੰ ਨਵੀਆਂ ਬਨਾਉਣ ਲਈ ਪ੍ਰਪੋਜ਼ਲ ਤਿਆਰ ਕਰਕੇ ਪੰਜਾਬ ਸਰਕਾਰ ਪਾਸੋਂ ਮੰਨਜੂਰ ਕਰਵਾਇਆ ਜਾ ਸਕੇ।


ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਖਾਲਸਾ ਪੰਥ ਲਈ ਆਪਣਾ ਸਰਬੰਸ ਵਾਰਨ ਵਾਲੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉਪਰ ਬਣੇ 'ਗੁਰੂ ਗੋਬਿੰਦ ਸਿੰਘ ਮਾਰਗ' ਨੂੰ ਵੀ ਪਿਛਲੇ ਲੰਮੇ ਸਮੇਂ ਤੋਂ ਅਕਾਲੀ-ਕਾਂਗਰਸ ਦੀਆਂ ਸਰਕਾਰਾਂ ਨੇ ਵਿਸਾਰ ਦਿੱਤਾ ਸੀ, ਸਗੋਂ ਲੋਕਾਂ ਕੋਲੋਂ ਵੋਟਾਂ ਮੰਗਣ ਲਈ ਇਸ ਟੁੱਟੇ ਹੋਏ ਮਾਰਗ ਤੋਂ ਜ਼ਰੂਰ ਲੰਘਕੇ ਜਾਂਦੇ ਰਹੇ ਅਤੇ ਜਦੋਂ ਲੋਕ ਰੌਲਾ ਪਾਉਂਦੇ ਤਾਂ ਸੜਕਾਂ ਉਪਰ ਟਾਕੀਆਂ ਲਾ ਕੇ ਹੀ ਸਾਰਦੇ ਰਹੇ।


ਉਨ੍ਹਾਂ ਆਖਿਆ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਡੇ ਗੁਰੂ ਸਾਹਿਬਾਨਾਂ ਦੇ ਨਾਮ ਉਪਰ ਬਣੇ ਮਾਰਗਾਂ ਨੂੰ ਨਵੇਂ ਸਿਰਿਓਂ ਬਣਾਏਗੀ ਅਤੇ ਬਾਕੀ ਸਾਰੀਆਂ ਸੜਕਾਂ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਲੁਧਿਆਣਾ-ਫਿਰੋਜ਼ਪੁਰ ਰੋਡ ਤੋਂ ਗਾਲਿਬ ਕਲਾਂ-ਕੋਕਰੀ ਰੋਡ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੱਕ 7.5 ਕਿਲੋ ਮੀਟਰ ਤੱਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਰਾਏਕੋਟ-ਜਗਰਾਉਂ ਰੋਡ ਕਮਾਲਪੁਰਾ ਸਕੂਲ ਤੋਂ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੱਕ 18.30 ਕਿਲੋ ਮੀਟਰ ਵਾਇਆ ਲੰਮੇ, ਜੱਟਪੁਰਾ, ਮਾਣੂੰਕੇ, ਲੱਖਾ, ਚਕਰ ਆਦਿ ਦੀਆਂ ਵਿਭਾਗੀ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਪੰਜਾਬ ਸਰਕਾਰ ਪਾਸੋਂ ਮੰਨਜੂਰ ਕਰਵਾਕੇ ਜ਼ਲਦੀ ਹੀ ਇਹਨਾਂ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਹੋ ਰਹੀ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।