Ludhiana News: ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਰਾਜ ਹੈ। ਇਹ ਜਗਰਾਉਂ ਵਿੱਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਟਾਈਲਾਂ ਪੁੱਟ ਕੇ ਪਾਈਪਲਾਈਨ ਵਿਛਾਉਣ ਵਾਲੀ ਕੰਪਨੀ ਦਾ ਸਾਮਾਨ ਜ਼ਬਤ ਕਰ ਲਿਆ ਗਿਆ। ਪ੍ਰਾਈਵੇਟ ਕੰਪਨੀ ਘਰੇਲੂ ਗੈਸ ਲਈ ਪਾਈਪਲਾਈਨ ਵਿਛਾਉਣ ਦਾ ਕੰਮ ਕਰ ਰਹੀ ਸੀ। ਈਸਟ ਮੋਤੀ ਬਾਗ ਤੇ ਮੱਲ੍ਹੀ ਕਲੋਨੀ ’ਚ ਕੰਪਨੀ ਦਾ ਸਾਮਾਨ ਜ਼ਬਤ ਕਰ ਲਿਆ ਗਿਆ।


ਦੱਸ ਦਈਏ ਕਿ ਕਰੀਬ  ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੇ ਕੁਝ ਥਾਈਂ ਪਾਣੀ ਸਪਲਾਈ ਤੇ ਸੀਵਰੇਜ ਸਿਸਟਮ ਠੱਪ ਹੋਣ ਤੋਂ ਬਾਅਦ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕੱਚਾ ਮਲਕ ਰੋਡ ’ਤੇ ਮੌਕੇ ’ਤੇ ਪਹੁੰਚ ਕੇ ਇਹ ਕੰਮ ਬੰਦ ਕਰਵਾ ਦਿੱਤਾ ਸੀ। ਇਸੇ ਤਰ੍ਹਾਂ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਸ਼ਹਿਰ ਦੇ ਕੁਝ ਹਿੱਸੇ ’ਚ ਇਹ ਕੰਮ ਰੁਕਵਾਇਆ ਸੀ। 


ਵਿਧਾਇਕ ਮਾਣੂੰਕੇ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਵੀ ਇਹ ਕੰਮ ਬੰਦ ਰੱਖਣ ਦੀ ਹਦਾਇਤ ਕੀਤੀ ਸੀ। ਇਸ ਦੇ ਬਾਵਜੂਦ ਨਿੱਜੀ ਕੰਪਨੀ ਨੇ ਉਕਤ ਦੋਵੇਂ ਥਾਵਾਂ ’ਤੇ ਪਾਈਪਲਾਈਨ ਵਿਛਾਉਣੀ ਸ਼ੁਰੂ ਕਰ ਦਿੱਤੀ। ਸੋਮਵਾਰ ਸ਼ਾਮ ਸਮੇਂ ਜਿਵੇਂ ਹੀ ਇਸ ਦੀ ਸੂਚਨਾ ਪ੍ਰਧਾਨ ਰਾਣਾ ਨੂੰ ਮਿਲੀ ਤਾਂ ਉਹ ਨਗਰ ਕੌਂਸਲ ਦਾ ਅਮਲਾ ਫੈਲਾ ਲੈ ਕੇ ਮੌਕੇ ’ਤੇ ਪਹੁੰਚ ਗਏ। ਇਸ ਮੌਕੇ ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ, ਅਮਨ ਕਪੂਰ ਬੌਬੀ, ਦਵਿੰਦਰਜੀਤ ਸਿੰਘ ਸਿੱਧੂ, ਵਿਕਰਮ ਜੱਸੀ, ਠੇਕੇਦਾਰ ਅਸ਼ਵਨੀ ਬੱਲੂ, ਮਾਸਟਰ ਹਰਦੀਪ ਜੱਸੀ, ਇਕਬਾਲ ਸਿੰਘ, ਗੁਲਸ਼ਨ ਕਾਲੜਾ ਤੋਂ ਇਲਾਵਾ ਕੌਂਸਲ ਦੇ ਮੁਲਾਜ਼ਮ ਉਨ੍ਹਾਂ ਦੇ ਨਾਲ ਸਨ। 


ਇਹ ਮੁਲਾਜ਼ਮ ਨਿੱਜੀ ਕੰਪਨੀ ਦਾ ਸਾਮਾਨ ਅਤੇ ਵਿਛਾਈ ਜਾ ਰਹੀ ਭਾਰੀ ਮਾਤਰਾ ’ਚ ਪਾਈਪਲਾਈਨ ਨਾਲ ਲਿਆਂਦੀ ਟਰੈਕਟਰ-ਟਰਾਲੀ ’ਚ ਲੱਦ ਕੇ ਲੈ ਗਏ। ਬਾਅਦ ’ਚ ਇਹੋ ਕਾਰਵਾਈ ਮੱਲ੍ਹੀ ਕਲੋਨੀ ’ਚ ਅੰਜਾਮ ਦਿੱਤੀ ਗਈ। ਪ੍ਰਧਾਨ ਰਾਣਾ ਨੇ ਕਿਹਾ ਕਿ ਕਿਸੇ ਨੂੰ ਸ਼ਹਿਰ ਦੀਆਂ ਬਣੀਆਂ ਸੜਕਾਂ ਤੇ ਗਲੀਆਂ ਨੂੰ ਇਓਂ ਪੁੱਟ ਕੇ ਬਰਬਾਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। 


ਜੇਕਰ ਕਿਸੇ ਨੇ ਇਨ੍ਹਾਂ ਸੜਕਾਂ ਗਲੀਆਂ ’ਤੇ ਕੰਮ ਕਰਨਾ ਹੈ ਤਾਂ ਬਣਦੀ ਫੀਸ ਜਮ੍ਹਾ ਕਰਵਾਉਣ ਤੋਂ ਇਲਾਵਾ ਸੜਕਾਂ ਤੇ ਗਲੀਆਂ ਨੂੰ ਮੁੜ ਪਹਿਲਾਂ ਵਾਂਗ ਕਰਨ ਦੀ ਜ਼ਿੰਮੇਵਾਰੀ ਵੀ ਪੁੱਟਣ ਵਾਲੇ ਦੀ ਹੁੰਦੀ ਹੈ ਪਰ ਇਸ ਨਿੱਜੀ ਕੰਪਨੀ ਨੇ ਤਾਂ ਕਈ ਨਵੀਂਆਂ ਬਣੀਆਂ ਇੰਟਰਲੌਕ ਟਾਈਲਾਂ ਪੁੱਟਣ ਸਮੇਂ ਵੀ ਲਿਹਾਜ਼ ਨਹੀਂ ਕੀਤੀ। ਅੱਧੇ ਸ਼ਹਿਰ ਨੂੰ ਨਿੱਜੀ ਕੰਪਨੀ ਨੇ ਪੁੱਟ ਕੇ ਖ਼ਰਾਬ ਕਰ ਦਿੱਤਾ ਹੈ ਜਿਸ ਦੀ ਭਰਪਾਈ ’ਤੇ ਵੱਡਾ ਖਰਚਾ ਆਵੇਗਾ। ਇਸੇ ਲਈ ਅੱਜ ਸਾਮਾਨ ਜ਼ਬਤ ਕਰਨ ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਕਿਉਂਕਿ ਪਾਈਪਲਾਈਨ ਨਾ ਵਿਛਾਉਣ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ।