Ludhiana News : ਹੁਣ ਅਪੀਲਾਂ ਨਹੀਂ ਸਖਤੀ ਦਾ ਵੇਲਾ ਆ ਗਿਆ ਹੈ। ਕਈ ਵਾਰ ਹਦਾਇਤਾਂ ਦੇ ਬਾਵਜੂਦ ਲੁਧਿਆਣਾ ਵਿੱਚੋਂ ਵਿੱਚ ਲੰਘਣ ਵਾਲੀ ਸਿੱਧਵਾਂ ਨਹਿਰ ਦੀ ਸਫ਼ਾਈ ਸਬੰਧੀ ਨਗਰ ਨਿਗਮ ਨੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜੁਰਮਾਨਾ ਲਾਉਣ ਤੋਂ ਇਲਾਵਾ ਹੁਣ ਨਗਰ ਨਿਗਮ ਨੇ ਸਿੱਧਵਾਂ ਨਹਿਰ ਵਿੱਚ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਹੁਣ ਐਫਆਈਆਰ ਦਰਜ ਕਰਵਾਉਣੀ ਸ਼ੁਰੂ ਕਰ ਦਿੱਤੀਆਂ ਹਨ।



ਹਾਸਲ ਜਾਣਕਾਰੀ ਮੁਤਾਬਕ ਨਹਿਰ ਵਿੱਚ ਕੂੜਾ ਸੁੱਟਣ ਵਾਲੇ 55 ਵਿਅਕਤੀਆਂ ਖ਼ਿਲਾਫ਼ ਨਗਰ ਨਿਗਮ ਨੇ ਐਫਆਈਆਰ ਦਰਜ ਕਰਵਾਉਣ ਦੀ ਸਿਫ਼ਾਰਸ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਿੱਧਵਾਂ ਨਹਿਰ ਵਿੱਚ ਕੂੜਾ ਸੁੱਟਣ ਵਾਲਿਆਂ 3 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਹੋ ਚੁੱਕੀ ਹੈ।

ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਜਾਰੀ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫਆਈਆਰ ਕਰਨ ਲਈ ਸਿਫ਼ਾਰਸ਼ ਸਿੰਜਾਈ ਵਿਭਾਗ ਨੂੰ ਭੇਜ ਦਿੱਤੀ ਗਈ ਹੈ, ਕਿਉਂਕਿ ਇਹ ਨਹਿਰ ਸਿੰਜਾਈ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਸਿੰਜਾਈ ਵਿਭਾਗ ਨੂੰ ਕਾਨੂੰਨੀ ਕਾਰਵਾਈ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਲਿਖਿਆ ਗਿਆ ਹੈ।

ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਦੱਸਿਆ ਕਿ ਨਗਰ ਨਿਗਮ ਨਹਿਰ ਦੀ ਸਫ਼ਾਈ ਦਾ ਕੰਮ ਕਰ ਰਿਹਾ ਹੈ ਤੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਨਹਿਰ ਵਿੱਚ ਕੂੜਾ ਸੁੱਟਣ ਤੋਂ ਰੋਕਣ ਦੀ ਅਪੀਲ ਕੀਤੀ ਹੈ ਪਰ ਇਹ ਉਲੰਘਣਾ ਕਰਨ ਵਾਲੇ ਹੁਣ ਵੀ ਨਹਿਰ ਵਿੱਚ ਕੂੜਾ ਸੁੱਟ ਰਹੇ ਹਨ, ਜਿਸ ਕਾਰਨ ਸਿੰਜਾਈ ਵਿਭਾਗ ਨੂੰ ਇਨ੍ਹਾਂ ਵਿਰੁੱਧ ਐਫਆਈਆਰ ਕਰਨ ਲਈ ਲਿਖਿਆ ਗਿਆ ਹੈ। ਇਨ੍ਹਾਂ ਵਿੱਚੋਂ ਕਈ ਵਿਅਕਤੀ ਨਹਿਰ ਦੇ ਉਸ ਹਿੱਸੇ ਵਿੱਚ ਕੂੜਾ ਸੁੱਟਦੇ ਫੜੇ ਗਏ ਹਨ, ਜਿਸ ਦੀ ਨਗਰ ਨਿਗਮ ਵੱਲੋਂ ਪਿਛਲੇ ਦਿਨੀਂ ਸਫ਼ਾਈ ਕਰਵਾਈ ਗਈ ਹੈ। ਹਾਲ ਹੀ ਵਿੱਚ ਸਿੰਜਾਈ ਵਿਭਾਗ ਨੇ ਨਹਿਰ ਵਿੱਚ ਕੂੜਾ ਸੁੱਟਣ ਦੇ ਦੋਸ਼ ਹੇਠ ਤਿੰਨ ਵਸਨੀਕਾਂ ਖ਼ਿਲਾਫ਼ ਐਫਆਈਆਰ ਵੀ ਦਰਜ ਕਰਵਾਈ ਸੀ।

ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਦੱਸਿਆ ਕਿ ਲੋਕਲ ਬਾਡੀਜ਼ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਸਿੱਧਵਾਂ ਨਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਨਹਿਰ ਦੇ ਵੱਖ-ਵੱਖ ਸਥਾਨਾਂ ’ਤੇ ਚੌਕਸੀ ਰੱਖਣ ਅਤੇ ਨਹਿਰ ਵਿਚ ਕੂੜਾ ਸੁੱਟਣ ਵਾਲੇ ਨਿਵਾਸੀਆਂ ਨੂੰ ਫੜਨ ਲਈ ਨਗਰ ਨਿਗਮ ਦੇ 10 ਮੁਲਾਜ਼ਮਾਂ ਤੇ ਮਾਰਸ਼ਲ (ਐਨ.ਜੀ.ਓ.) ਦੇ 10 ਵਾਲੰਟੀਅਰਾਂ ਸਮੇਤ 20 ਦੇ ਕਰੀਬ ਵਿਅਕਤੀ ਤਾਇਨਾਤ ਕੀਤੇ ਗਏ ਹਨ।


 ਇਹ ਵੀ ਪੜ੍ਹੋ : ਪੰਜਾਬ ਲਈ ਮਾਣ ਦੀ ਗੱਲ! ਪਹਿਲੀ ਵਾਰ ਦੋ ਔਰਤਾਂ ਬਣੀਆਂ ਡੀਜੀਪੀ

ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ। ਵਸਨੀਕਾਂ ਨੂੰ ਨਹਿਰ ਵਿੱਚ ਕੂੜਾ ਸੁੱਟਣ ਤੋਂ ਰੋਕਣ ਲਈ ਤਾਇਨਾਤ ਨਗਰ ਨਿਗਮ ਦੀਆਂ ਟੀਮਾਂ ਨੇ ਉਨ੍ਹਾਂ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਨੋਟ ਕੀਤੇ ਹਨ ਜਿਨ੍ਹਾਂ ਵਿੱਚ ਉਲੰਘਣਾ ਕਰਨ ਵਾਲੇ ਨਹਿਰ ’ਤੇ ਪਹੁੰਚੇ ਸਨ। ਇਨ੍ਹਾਂ ਵਿੱਚ ਕਾਰਾਂ, ਦੋ ਪਹੀਆ ਵਾਹਨ, ਟਾਟਾ 407 ਆਦਿ ਸ਼ਾਮਲ ਹਨ। ਇਹ ਸੂਚੀ ਸਿੰਚਾਈ ਵਿਭਾਗ ਨੂੰ ਵੀ ਭੇਜ ਦਿੱਤੀ ਗਈ ਹੈ ਤਾਂ ਜੋ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ।


 ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ? ਮਾਂ ਬੋਲੀ ਪੰਜਾਬੀ ਨੂੰ ਅਜੇ ਵੀ ਲੱਗ ਰਿਹਾ ਖੋਰਾ

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਉਲੰਘਣਾ ਕਰਨ ਵਾਲਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਹਨ ਅਤੇ ਜੇਕਰ ਵਸਨੀਕ ਨਹਿਰ ਵਿੱਚ ਕੂੜਾ ਸੁੱਟਣਾ ਜਾਰੀ ਰੱਖਦੇ ਹਨ ਤਾਂ ਨਗਰ ਨਿਗਮ ਉਲੰਘਣਾ ਕਰਨ ਵਾਲਿਆਂ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਨੈਟਵਰਕਾਂ ’ਤੇ ਪੋਸਟ ਕਰਕੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਸ਼ਰਮਸਾਰ ਵੀ ਕੀਤਾ ਜਾਏਗਾ।