Punjab News: ਕਿਸੇ ਵੇਲੇ ਔਰਤਾਂ ਪੁਲਿਸ ਵਿੱਚ ਨੌਕਰੀ ਕਰਨ ਤੋਂ ਝਿਜਕਦੀਆਂ ਹਨ। ਅੱਜ ਸੋਚ ਬਦਲ ਗਈ ਹੈ ਤੇ ਔਰਤਾਂ ਪੁਲਿਸ ਵਿਭਾਗ ਦੇ ਵੱਡੇ ਅਹੁਦਿਆਂ ਉੱਪਰ ਤਾਇਨਾਤ ਹੋ ਰਹੀਆਂ ਹਨ। ਪੰਜਾਬ ਲਈ ਇਹ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਦੋ ਮਹਿਲਾ ਅਧਿਕਾਰੀ ਡੀਜੀਪੀ ਦੇ ਉੱਚ ਅਹੁਦੇ ਤੱਕ ਪਹੁੰਚੀਆਂ ਹਨ। ਪੰਜਾਬ ਸਰਕਾਰ ਨੇ ਗੁਰਪ੍ਰੀਤ ਦਿਓ ਤੇ ਸ਼ਸ਼ੀ ਪ੍ਰਭਾ ਨੂੰ ਡੀਜੀਪੀ ਬਣਾਇਆ ਹੈ। ਇਹ ਦੋਵੇਂ ਅਧਿਕਾਰੀ ਪੰਜਾਬ ਦੀਆਂ ਪਹਿਲੀਆਂ ਮਹਿਲਾ ਡੀਜੀਪੀ ਬਣੀਆਂ ਹਨ।


ਦੱਸ ਦਈਏ ਕਿ ਪੰਜਾਬ ਦੇ 1993 ਬੈਚ ਦੇ 7 ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਜੀਪੀ ਬਣਾਇਆ ਗਿਆ ਹੈ। ਸੂਬੇ ਦੇ ਗ੍ਰਹਿ ਵਿਭਾਗ ਨੇ 30 ਸਾਲਾਂ ਦੀ ਸੇਵਾ ਮੁਕੰਮਲ ਹੋਣ ’ਤੇ ਗੁਰਪ੍ਰੀਤ ਕੌਰ ਦਿਓ, ਵਰਿੰਦਰ ਕੁਮਾਰ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ, ਸਤੀਸ਼ ਕੁਮਾਰ ਅਸਥਾਨਾ, ਸ਼ਸ਼ੀ ਪ੍ਰਭਾ ਦਿਵੇਦੀ ਤੇ ਆਰਐਨ ਢੋਕੇ ਦੀ ਤਰੱਕੀ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤਾ ਹੈ। 


ਪੀਪੀਐਸ ਤੋਂ ਆਈਪੀਐੱਸ ਬਣੇ ਇਸੇ ਬੈਚ ਦੇ ਅਧਿਕਾਰੀ ਅਰਪਿਤ ਸ਼ੁਕਲਾ ਨੂੰ ਤਰੱਕੀ ਨਹੀਂ ਦਿੱਤੀ ਗਈ। ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਸੀਨੀਆਰਤਾ ਦੇ ਮਾਮਲੇ ਵਿੱਚ ਉਲਝੀ ਤਾਣੀ ਕਰਕੇ ਸ਼ੁਕਲਾ ਨੂੰ ਡੀਜੀਪੀ ਵਜੋਂ ਤਰੱਕੀ ਨਹੀਂ ਦਿੱਤੀ ਗਈ ਹੈ। ਅਹਿਮ ਗੱਲ ਹੈ ਕਿ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਪੰਜਾਬ ਦੀਆਂ ਪਹਿਲੀ ਮਹਿਲਾ ਡੀਜੀਪੀ ਹਨ। 


ਹਾਸਲ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਹਿਲੀ ਵਾਰ ਡੀਜੀਪੀ ਰੈਂਕ ਦੇ ਇੰਨੇ ਅਧਿਕਾਰੀ ਤਾਇਨਾਤ ਹੋਏ ਹਨ। ਪੰਜਾਬ ਕਾਡਰ ਦੇ 16 ਆਈਪੀਐਸ ਅਧਿਕਾਰੀ ਡੀਜੀਪੀ ਬਣ ਗਏ ਹਨ, ਜਿਨ੍ਹਾਂ ਵਿੱਚੋਂ 13 ਅਧਿਕਾਰੀ ਪੰਜਾਬ ’ਚ ਸੇਵਾਵਾਂ ਨਿਭਾਅ ਰਹੇ ਹਨ ਜਦੋਂਕਿ 3 ਡੈਪੂਟੇਸ਼ਨ ’ਤੇ ਹਨ। ਇਸ ਸਮੇਂ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਹੋਣ ਕਰਕੇ ਐੱਨਆਈਏ ਦੇ ਡੀਜੀਪੀ ਵਜੋਂ ਸੇਵਾ ਨਿਭਾਅ ਰਹੇ ਹਨ। 


ਇਸੇ ਤਰ੍ਹਾਂ ਹੋਰ ਡੀਜੀਪੀ ਅਧਿਕਾਰੀਆਂ ’ਚ ਵੀ ਕੇ ਭਾਵੜਾ, ਪ੍ਰਬੋਧ ਕੁਮਾਰ, ਐਸਕੇ ਕਾਲੜਾ, ਕੇਂਦਰ ’ਚ ਡੈਪੂਟੇਸ਼ਨ ’ਤੇ ਪਰਾਗ ਜੈਨ, ਕੁਲਦੀਪ ਸਿੰਘ ਅਤੇ ਗੌਰਵ ਯਾਦਵ ਸ਼ਾਮਲ ਹਨ। ਹਰਪ੍ਰੀਤ ਸਿੰਘ ਸਿੱਧੂ ਵੀ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਹਨ। ਭਾਵੜਾ ਨੂੰ ਡੀਜੀਪੀ ਵਜੋਂ ਅਹੁਦੇ ਤੋਂ ਹਟਾਉਣ ਤੋਂ ਬਾਅਦ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਰਾਜ ਸਰਕਾਰ ਨੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਹੁਣ ਤੱਕ ਯੂਪੀਐਸਸੀ ਨੂੰ ਪੈਨਲ ਨਹੀਂ ਭੇਜਿਆ ਹੈ।