Dog Park : ਲੁਧਿਆਣਾ ਦੇ ਬੀਆਰਐੱਸ ਨਗਰ ਵਿੱਚ ਪੰਜਾਬ ਦਾ ਪਹਿਲਾ ਡੌਗ ਪਾਰਕ ਤਿਆਰ ਕੀਤਾ ਗਿਆ ਹੈ ਤੇ ਇਹ ਡੇਢ ਏਕੜ ਵਿੱਚ ਬਣਾਇਆ ਗਿਆ ਹੈ। ਇਸ ਪਾਰਕ ਦਾ ਉਦਘਾਟਨ ਅੱਜ ਸ਼ਾਮ ਨੂੰ ਕੀਤਾ ਜਾਵੇਗਾ। ਇਹ ਪੰਜਾਬ ਦਾ ਪਹਿਲਾ ਪਾਰਕ ਹੋਵੇਗਾ ਜਿੱਥੇ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਲਿਆ ਕੇ ਘੁੰਮਾ ਸਕਦੇ ਹਨ। ਇੰਨਾ ਹੀ ਨਹੀਂ, ਇਸ ਪਾਰਕ ਵਿੱਚ ਕੁੱਤਿਆਂ ਲਈ 15 ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਰੱਖੀਆਂ ਗਈਆਂ ਹਨ।
ਦੱਸ ਦਈਏ ਕਿ ਪਾਰਕ ਵਿੱਚ ਲੋਕ ਕੁੱਤਿਆਂ ਦਾ ਜਨਮ ਦਿਨ ਵੀ ਮਨਾ ਸਕਦੇ ਹਨ। ਇਸ ਪਾਰਕ ਵਿੱਚ ਆਪਣੇ ਕੁੱਤੇ ਨੂੰ ਦਿਨ ਭਰ ਘੁੰਮਾਉਣ ਲਈ ਤੁਹਾਨੂੰ 40 ਰੁਪਏ ਫੀਸ ਦੇਣੀ ਪਵੇਗੀ। ਆਉਣ ਵਾਲੇ ਦਿਨਾਂ ਵਿੱਚ ਇਸ ਪਾਰਕ ਵਿੱਚ ਕੁੱਤਿਆਂ ਦੇ ਕਲੀਨਿਕ ਦੀ ਸਹੂਲਤ ਉਪਲਬਧ ਹੋਵੇਗੀ। ਆਮ ਲੋਕਾਂ ਲਈ ਮਹਾਨਗਰ ਵਿੱਚ 892 ਪਾਰਕ ਹਨ। ਲੋਕ ਇਨ੍ਹਾਂ ਵਿੱਚ ਆਪਣੇ ਪਾਲਤੂ ਕੁੱਤਿਆਂ ਨੂੰ ਨਹੀਂ ਲਿਆ ਸਕਦੇ। ਕਈ ਵਾਰ ਕੁਝ ਲੋਕ ਸਵੇਰੇ-ਸ਼ਾਮ ਸੈਰ ਕਰਨ ਦੇ ਬਹਾਨੇ ਆਪਣੇ ਪਾਲਤੂ ਕੁੱਤਿਆਂ ਨੂੰ ਚੋਰੀ-ਛਿਪੇ ਲੈ ਆਉਂਦੇ ਹਨ, ਜੋ ਅਕਸਰ ਵਿਵਾਦਾਂ ਦਾ ਕਾਰਨ ਬਣ ਜਾਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਡੌਗ ਪਾਰਕ ਬਣਾਉਣ ਦੀ ਯੋਜਨਾ ਦੋ ਸਾਲ ਪਹਿਲਾਂ ਸ਼ੁਰੂ ਹੋਈ ਸੀ। ਤਾਂ ਜੋ ਲੋਕ ਆਪਣੇ ਕੁੱਤਿਆਂ ਨੂੰ ਸੈਰ ਕਰਨ ਲਈ ਪਾਰਕ ਦੀ ਵਰਤੋਂ ਕਰ ਸਕਣ। ਨਿਗਮ ਨੇ ਜ਼ੋਨ ਡੀ ਦੇ ਪਿੱਛੇ ਭਾਈ ਰਣਧੀਰ ਸਿੰਘ (ਬੀਆਰਐੱਸ) ਨਗਰ 'ਚ ਕਰੀਬ ਡੇਢ ਏਕੜ 'ਤੇ ਡੌਗ ਪਾਰਕ ਤਿਆਰ ਕੀਤਾ ਹੈ। ਇਸ ਪਾਰਕ ’ਤੇ ਨਿਗਮ ਵੱਲੋਂ ਇੱਕ ਪੈਸਾ ਵੀ ਖਰਚ ਨਹੀਂ ਕੀਤਾ ਗਿਆ। ਇਸ ਪਾਰਕ ਨੂੰ ਹੈਦਰਾਬਾਦ ਦੀ ਡਾਕਟਰ ਡਾਗ ਹਸਪਤਾਲ ਕੰਪਨੀ ਵੱਲੋਂ ਚਲਾਇਆ ਜਾਵੇਗਾ।
ਇਸਤੋਂ ਇਲਾਵਾ ਕੰਪਨੀ ਨੇ ਪਾਰਕ ਵਿੱਚ ਕੁੱਤਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ 15 ਖੇਡਾਂ ਦਾ ਪ੍ਰਬੰਧ ਕੀਤਾ ਹੈ। ਇਸ ਵਿੱਚ ਸਵੀਮਿੰਗ ਅਤੇ ਹੋਰ ਕਈ ਖੇਡਾਂ ਸ਼ਾਮਲ ਹਨ। ਇਸ ਵਿੱਚ ਸਵੀਮਿੰਗ ਪੂਲ ਦੀ ਸਹੂਲਤ ਵੀ ਰੱਖੀ ਗਈ ਹੈ। ਕੁੱਤਾ ਪ੍ਰੇਮੀਆਂ ਲਈ ਆਪਣੇ ਪਾਲਤੂ ਕੁੱਤਿਆਂ ਲਈ ਸਾਮਾਨ ਖਰੀਦਣ ਲਈ ਪਿੱਟ ਕੈਫੇ ਵੀ ਖੋਲ੍ਹਿਆ ਗਿਆ ਹੈ। ਕੁੱਤਿਆਂ ਦੇ ਖਾਣ-ਪੀਣ ਤੋਂ ਲੈ ਕੇ ਉਨ੍ਹਾਂ ਨਾਲ ਸਬੰਧਤ ਹੋਰ ਚੀਜ਼ਾਂ ਇੱਥੇ ਉਪਲਬਧ ਹੋਣਗੀਆਂ। ਇਸ ਦੇ ਨਾਲ ਹੀ ਕੁੱਤਿਆਂ ਨੂੰ ਨਾਲ ਲੈ ਕੇ ਆਉਣ ਵਾਲੇ ਲੋਕਾਂ ਲਈ ਇੱਥੇ ਖਾਣ-ਪੀਣ ਦੀ ਵੀ ਕੁਝ ਸਹੂਲਤ ਹੋਵੇਗੀ।