Ludhiana News: ਹੁਣ ਲੁਧਿਆਣਾ ਦੀਆਂ ਸੜਕਾਂ ਉੱਪਰ ਗੱਡੀ ਚਲਾਉਣ ਵੇਲੇ ਸਾਵਧਾਨ ਰਹਿਣ ਦੀ ਲੋੜ ਹੈ। ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੀ ਹਾਈਟੈਕ ਹੋ ਗਈ ਹੈ ਤੇ ਚੰਡੀਗੜ੍ਹ ਸਟਾਈਲ ਨਾਲ ਚਲਾਨ ਕੱਟੇਗੀ। ਇਹ ਚਲਾਨ ਹੁਣ ਮਸ਼ੀਨ ਨਾਲ ਕੱਟੇ ਜਾਣਗੇ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਦਾ ਡਿਜ਼ੀਟਲ ਚਲਾਨ ਕੱਟਣ ਦਾ ਫਾਰਮੂਲਾ ਕਾਫੀ ਕਾਮਯਾਬ ਰਿਹਾ ਹੈ।



ਹਾਸਲ ਜਾਣਕਾਰੀ ਮੁਤਾਬਕ ਪੀਓਐਸ (ਪੁਆਇੰਟ ਆਫ਼ ਸੇਲ) ਮਸ਼ੀਨਾਂ ਮਿਲਣ ਤੋਂ ਬਾਅਦ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਹੁਣ ਡਿਜੀਟਲ ਹੋ ਗਈ ਹੈ। ਟ੍ਰੈਫਿਕ ਪੁਲਿਸ ਹੁਣ ਇੱਕ ਬਟਨ ਦਬਾਉਣ 'ਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦਾ ਚਲਾਨ ਕੱਟੇਗੀ। ਇਸ ਨਾਲ ਟ੍ਰੈਫਿਕ ਚਲਾਨ ਜਾਰੀ ਕਰਨ ਦੀ ਪੁਰਾਣੀ ਦਸਤੀ ਪ੍ਰਕਿਰਿਆ ਨੂੰ ਖਤਮ ਕੀਤਾ ਜਾ ਰਿਹਾ ਹੈ।



ਦਸਤੀ ਚਲਾਨ ਬਣਾਉਣ ਸਮੇਂ ਮੁਲਾਜ਼ਮਾਂ ਦਾ ਕਾਫੀ ਸਮਾਂ ਬਰਬਾਦ ਹੁੰਦਾ ਹੈ। ਕਈ ਵਾਰ ਅਦਾਲਤ ਵਿੱਚ ਪੁਲਿਸ ਤੇ ਚਲਾਨ ਵਾਲੇ ਦੋਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਨਵੇਂ ਸਿਸਟਮ ਨਾਲ ਮੁਲਾਜ਼ਮਾਂ ਦਾ ਸਮਾਂ ਬਰਬਾਦ ਨਹੀਂ ਹੋਵੇਗਾ। ਚਲਾਨ ਸਹੀ ਧਾਰਾ ਅਨੁਸਾਰ ਹੀ ਭਰਿਆ ਜਾਵੇਗਾ ਤੇ ਇਸ ਦਾ ਤੁਰੰਤ ਨਿਬੇੜਾ ਹੋ ਜਾਏਗਾ। ਇਸ ਨਾਲ ਰਿਸ਼ਵਤ ਦਾ ਰੁਝਾਨ ਵੀ ਘਟੇਗਾ।



ਨਵੀਂ ਪ੍ਰਣਾਲੀ ਤਹਿਤ ਲੁਧਿਆਣਾ ਪੁਲਿਸ ਨੂੰ ਚਲਾਨ ਜਾਰੀ ਕਰਨ ਲਈ 30 ਹੈਂਡਹੈਲਡ ਪੁਆਇੰਟ ਆਫ਼ ਸੇਲ (ਪੀਓਐਸ) ਮਸ਼ੀਨਾਂ ਪ੍ਰਾਪਤ ਹੋਈਆਂ ਹਨ। ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਇਹ ਮਸ਼ੀਨਾਂ ਜਿੱਥੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਸੌਂਪੀਆਂ ਗਈਆਂ ਉੱਥੇ ਹੀ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ।



ਮਸ਼ੀਨਾਂ 'ਵਾਹਨ' ਤੇ 'ਸਾਰਥੀ' ਐਪਸ ਦੇ ਰਾਸ਼ਟਰੀ ਡੇਟਾਬੇਸ ਨਾਲ ਜੁੜੀਆਂ ਹੋਈਆਂ ਹਨ, ਜੋ ਨਾ ਸਿਰਫ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੋਣਗੀਆਂ ਬਲਕਿ ਅਪਰਾਧ ਨੂੰ ਰੋਕਣ ਵਿੱਚ ਵੀ ਸਹਾਈ ਸਿੱਧ ਹੋਣਗੀਆਂ। ਜਿਵੇਂ ਹੀ ਗੱਡੀ ਦਾ ਨੰਬਰ ਮਸ਼ੀਨ ਵਿੱਚ ਦਰਜ ਕੀਤਾ ਜਾਵੇਗਾ, ਉਸ ਦਾ ਪੂਰਾ ਵੇਰਵਾ ਅਧਿਕਾਰੀ ਨੂੰ ਦਿਖਾਈ ਦੇਵੇਗਾ। ਲੁਧਿਆਣਾ ਸ਼ਹਿਰ ਵਿੱਚ ਘੱਟੋ-ਘੱਟ 150 ਅਜਿਹੀਆਂ ਮਸ਼ੀਨਾਂ ਦੀ ਲੋੜ ਹੈ। ਫਿਲਹਾਲ ਫੇਜ਼-1 ਵਿੱਚ 30 ਮਸ਼ੀਨਾਂ ਪ੍ਰਾਪਤ ਹੋਈਆਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।