Ludhiana News: ਖੰਨਾ ਪੁਲਿਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਪੁਲਿਸ ਨੇ ਚਾਰ ਹਥਿਆਰ ਬਰਾਮਦ ਕੀਤੇ ਹਨ। ਫੜੇ ਗਏ ਸਾਰੇ ਮੁਲਜ਼ਮਾਂ ਦੀ ਉਮਰ 18 ਤੋਂ 20 ਸਾਲ ਹੈ। ਗਰੋਹ ਦਾ ਮਾਸਟਰ ਮਾਈਂਡ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਨੌਜਵਾਨ ਹੈ, ਜੋ ਬੀ.ਐਸ.ਸੀ. ਦਾ ਵਿਦਿਆਰਥੀ ਹੈ। ਇਹ ਸਾਰੇ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ।


ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ ਦੋਰਾਹਾ ਡਾ: ਪ੍ਰਗਿਆ ਜੈਨ ਨੇ ਆਪਣੀ ਟੀਮ ਨਾਲ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬਿਕਰਮਜੀਤ ਸਿੰਘ, ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਪ੍ਰਿੰਗੜੀ ਜ਼ਿਲ੍ਹਾ ਅੰਮ੍ਰਿਤਸਰ, ਦਲਜੀਤ ਸਿੰਘ, ਜਸ਼ਨਦੀਪ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ ਤਰਨਤਾਰਨ ਵਜੋਂ ਹੋਈ ਹੈ। ਐਸਪੀ ਜੈਨ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਮੁਲਜ਼ਮਾਂ ਕੋਲੋਂ ਸਿਰਫ਼ ਇੱਕ ਹਥਿਆਰ ਬਰਾਮਦ ਕੀਤਾ ਸੀ।


MP ਤੋਂ ਮੁੱਖ ਤਸਕਰ ਗ੍ਰਿਫਤਾਰ


ਜਿਸ ਤੋਂ ਬਾਅਦ ਡੀਐਸਪੀ ਪਵਨਜੀਤ ਚੌਧਰੀ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਨੂੰ ਵੀ ਮਾਮਲੇ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ। ਰਿਮਾਂਡ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬਿੰਦ ਦੇ ਪਿੰਡ ਖੈਰੋਲੀ ਦੇ ਵਸਨੀਕ ਵਪਿੰਦਰ ਸਿੰਘ ਕੋਲੋਂ ਹਥਿਆਰ ਲੈ ਕੇ ਆਏ ਸਨ। ਪੁਲਿਸ ਨੇ ਅਦਾਲਤ ਤੋਂ ਅਧਿਕਾਰ ਲੈ ਕੇ ਵਪਿੰਦਰ ਸਿੰਘ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਮੱਧ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੀ। ਉਥੋਂ ਪੁਲਿਸ ਨੇ 3 ਪਿਸਤੌਲ ਬਰਾਮਦ ਕਰ ਕੇ ਵਪਿੰਦਰ ਨੂੰ ਗ੍ਰਿਫਤਾਰ ਕਰ ਲਿਆ।


ਬੀਐਸਸੀ ਦਾ ਵਿਦਿਆਰਥੀ ਹੈ ਮੁੱਖ ਮੁਲਜ਼ਮ 


ਪੁਲਿਸ ਨੇ ਵਪਿੰਦਰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਵਪਿੰਦਰ ਸਿੰਘ ਨੇ ਮੁੱਢਲੀ ਪੁੱਛਗਿੱਛ ਵਿੱਚ ਮੰਨਿਆ ਕਿ ਉਹ ਬੀ.ਐਸ.ਸੀ. ਦੀ ਆਪਣੀ ਪੜ੍ਹਾਈ ਦੌਰਾਨ ਉਹ ਹਥਿਆਰਾਂ ਦੇ ਸਪਲਾਇਰਾਂ ਨੂੰ ਮਿਲਿਆ। ਜਿਸ ਤੋਂ ਬਾਅਦ ਉਹ ਬੁਰੀ ਸੰਗਤ ਵਿੱਚ ਪੈ ਗਿਆ। ਪਹਿਲਾਂ ਮੁਲਜ਼ਮ ਦੂਜਿਆਂ ਨੂੰ ਹਥਿਆਰ ਸਪਲਾਈ ਕਰਦੇ ਸਨ ਅਤੇ ਫਿਰ ਹੋਰ ਪੈਸੇ ਕਮਾਉਣ ਲਈ ਕੋਈ ਡੀਲਰ ਬਣ ਜਾਂਦੇ ਸਨ। ਮੁਲਜ਼ਮ ਇੰਦੌਰ ਤੋਂ ਨਾਜਾਇਜ਼ ਹਥਿਆਰ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਵੇਚਦੇ ਸਨ।


ਸੋਸ਼ਲ ਮੀਡੀਆ ਰਾਹੀਂ ਵੇਚੇ ਜਾਂਦੇ ਸਨ ਹਥਿਆਰ


ਮੁਲਜ਼ਮ ਵਪਿੰਦਰ ਨੇ ਮੰਨਿਆ ਕਿ ਲੋਕ ਉਸ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਦੇ ਸਨ। ਪੰਜਾਬ ਵਿੱਚ ਰਹਿੰਦੇ ਬਿਕਰਮਜੀਤ ਸਿੰਘ ਦੀ ਸ਼ੋਸ਼ਲ ਮੀਡੀਆ ਰਾਹੀਂ ਹੀ ਵਪਿੰਦਰ ਸਿੰਘ ਨਾਲ ਜਾਣ-ਪਛਾਣ ਹੋਈ ਸੀ। ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਦੋਵਾਂ 'ਚ ਸੌਦਾ ਹੋਇਆ ਸੀ। ਵਪਿੰਦਰ ਐਮਪੀ ਤੋਂ ਹਥਿਆਰ ਭੇਜਦਾ ਸੀ ਅਤੇ ਬਿਕਰਮਜੀਤ ਪੰਜਾਬ ਵਿੱਚ ਸਪਲਾਈ ਕਰਦਾ ਸੀ।