khanna News : ਖੰਨਾ ਵਿਖੇ ਸਿਵਲ ਹਸਪਤਾਲ ਦੇ ਬਾਹਰ ਨੈਸ਼ਨਲ ਹਾਈਵੇਅ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ ਹੈ। ਇਹ ਧਰਨਾ ਅੱਜ ਸਵੇਰੇ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਾਧੂ ਰਾਮ ਗਿਰੀ ਦੀ ਮੌਤ ਤੋਂ ਬਾਅਦ ਰੋਹ ਵਿੱਚ ਆਏ ਪਰਿਵਾਰਕ ਮੈਂਬਰਾਂ ਵੱਲੋਂ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ASI 'ਤੇ ਗਲਤ ਬਿਆਨ ਲਿਖਣ ਦਾ ਦੋਸ਼ ਲਾਇਆ ਗਿਆ ਹੈ। 


 

ਪ੍ਰਦਰਸ਼ਨ ਕਰ ਰਹੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਪੰਜ ਵਿਅਕਤੀ ਮਾਰੂਤੀ ਕਾਰ ਵਿੱਚ ਜਾ ਰਹੇ ਸਨ ਤਾਂ ਖੰਨਾ 'ਚ ਤੇਜ਼ ਰਫ਼ਤਾਰ ਕਾਰ ਨੇ ਪਿੱਛੇ ਤੋਂ ਮਾਰੂਤੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਦੂਜੀ ਵਾਰ ਮਾਰੂਤੀ ਕਾਰ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਜਿਸ ਨਾਲ ਮਾਰੂਤੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਮੌਕੇ ਤੋਂ ਦੋਸ਼ੀ ਡਰਾਈਵਰ ਕਾਰ ਸਮੇਤ ਫਰਾਰ ਹੋ ਗਿਆ। 

 

ਇਸ ਤੋਂ ਬਾਅਦ ਹਾਦਸੇ ਦੀ ਜਾਂਚ ਕਰ ਰਹੇ ਏ.ਐਸ.ਆਈ ਨੇ ਝੂਠੇ ਬਿਆਨ ਲਿਖੇ। ਉਹਨਾਂ ਨੂੰ ਦਸਤਖਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਉਹਨਾਂ ਦੇ ਮੁਤਾਬਕ ਬਿਆਨ ਨਹੀਂ ਲਿਖੇ ਗਏ ਤਾਂ ਗੁੱਸੇ 'ਚ ਉਹਨਾਂ ਨੇ ਧਰਨਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਿਸ ਗੱਡੀ ਨਾਲ ਟੱਕਰ ਮਾਰੀ ਗਈ ਹੈ ,ਉਸਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ। ਪੁਲਸ ਉਸਨੂੰ ਬਚਾ ਰਹੀ ਹੈ। ਧਰਨੇ ਕਾਰਨ ਸਿਵਲ ਹਸਪਤਾਲ ਤੋਂ ਲੈ ਕੇ ਲਲਹੇੜੀ ਰੋਡ ਚੌਂਕ ਤੱਕ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ।

ਡੀਐਸਪੀ ਨੇ ਦਿੱਤਾ ਇਨਸਾਫ਼ ਦਾ ਭਰੋਸਾ

ਧਰਨੇ ਦੀ ਸੂਚਨਾ ਮਿਲਣ ’ਤੇ ਡੀਐਸਪੀ ਰਾਜੇਸ਼ ਸ਼ਰਮਾ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਰਿਸ਼ਤੇਦਾਰਾਂ ਨੂੰ ਦੁਬਾਰਾ ਬਿਆਨ ਦਰਜ ਕਰਵਾਉਣ ਲਈ ਕਿਹਾ ਅਤੇ ਇਨਸਾਫ਼ ਦਾ ਭਰੋਸਾ ਦਿੱਤਾ। ਡੀਐਸਪੀ ਦੇ ਭਰੋਸੇ ’ਤੇ ਧਰਨਾ ਖ਼ਤਮ ਕੀਤਾ ਗਿਆ। ਇਸਦੇ ਨਾਲ ਹੀ ਹਾਦਸੇ ਦਾ ਜਾਂਚ ਅਧਿਕਾਰੀ ਬਦਲ ਕੇ ਸਬ ਇੰਸਪੈਕਟਰ ਜਗਤਾਰ ਸਿੰਘ ਨੂੰ ਇਸਦੀ ਜੁੰਮੇਵਾਰੀ ਦਿੱਤੀ ਗਈ। 

 

ਜਿਹਨਾਂ ਨੇ ਜਖ਼ਮੀਆਂ ਦੇ ਮੁੜ ਬਿਆਨ ਦਰਜ ਕੀਤੇ ਅਤੇ ਅਗਲੀ ਕਾਰਵਾਈ ਆਰੰਭ ਕੀਤੀ। ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ ਅਤੇ ਕਿਸੇ ਨਾਲ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ।