Ludhiana News:  ਖੰਨਾ 'ਚ ਨੈਸ਼ਨਲ ਹਾਈਵੇ 'ਤੇ ਸੜਕ ਹਾਦਸਾ ਵਾਪਰਿਆ ਜਿਸ ਨਾਲ ਇੱਕ ਸਾਧੂ ਦੀ ਮੌਤ ਹੋ ਗਈ ਤੇ ਬਾਕੀ ਜ਼ਖ਼ਮੀ ਹੋ ਗਏ। ਦੱਸ ਦਈਏ ਕਿ  ਇਹ ਹਾਦਸਾ ਪ੍ਰਿਸਟੀਨ ਮਾਲ ਨੇੜੇ ਹੋਇਆ ਹੈ।


ਜਾਣਕਾਰੀ ਮੁਤਾਬਕ, ਇਸ ਹਾਦਸੇ ਵਿੱਚ ਇੱਕ ਤੇਜ਼ ਰਫ਼ਤਾਰ ਵਾਹਨ ਨੇ ਮਾਰੂਤੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਕਾਰ ਵਿੱਚ ਸਵਾਰ ਪੰਜ ਸਾਧੂਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਬਾਕੀ ਜ਼ਖਮੀ ਹੋ ਗਏ।  ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ। ਇਹ ਸਾਧੂ ਪਟਿਆਲਾ ਤੋਂ ਲੁਧਿਆਣਾ ਜਾ ਰਹੇ ਸਨ। ਹਾਦਸੇ ਵਿੱਚ ਮਰਨ ਵਾਲੇ ਸਾਧੂ ਦੀ ਪਛਾਣ ਰਾਮਾ ਗਿਰੀ ਵਾਸੀ ਪਟਿਆਲਾ ਵਜੋਂ ਹੋਈ।


ਇਸ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਅਵਤਾਰ ਨਾਥ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਲੁਧਿਆਣਾ ਜਾ ਰਹੇ ਸੀ ਪਰ ਜਦੋਂ ਉਹ ਖੰਨਾ ਪਹੁੰਚੇ ਤਾਂ ਪਿੱਛੋਂ ਕਿਸ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਰਾਹਗੀਰਾਂ ਨੇ ਉਨ੍ਹਾਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ। ਕਾਰ ਚਲਾ ਰਹੇ ਗੋਰਾ ਗਿਰੀ ਨੇ ਦੱਸਿਆ ਕਿ ਇੱਕ ਤੇਜ਼ ਰਫਤਾਰ ਵਾਹਨ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸਦਾ ਉਸ ਨੂੰ ਪਤਾ ਹੀ ਨਹੀਂ ਲੱਗਾ। ਇਹ ਹਾਦਸਾ ਅੱਖ ਦੇ ਝਪਕਣ ਵਾਂਗ ਹੀ ਵਾਪਰਿਆ। ਟੱਕਰ ਮਾਰਨ ਵਾਲਾ ਰੁਕਿਆ ਤੱਕ ਨਹੀਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਨੂੰ ਲੋਕਾਂ ਨੇ ਕਾਰ ਚੋਂ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਾਇਆ।


ਉੱਥੇ ਹੀ ਦੂਜੇ ਪਾਸੇ ਸਿਟੀ ਥਾਣਾ 2 ਦੇ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਮਾਰੂਤੀ ਕਾਰ ਦੇ ਅੱਗੇ ਕੋਈ ਚੀਜ਼ ਆ ਗਈ ਸੀ। ਜਿਸ ਕਾਰਨ ਉਸਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਪਿੱਛੇ ਤੋਂ ਆ ਰਹੀ ਕਾਰ ਮਾਰੂਤੀ ਨਾਲ ਟਕਰਾ ਗਈ। ਹਾਦਸੇ ਵਿੱਚ ਇੱਕ ਸਾਧੂ ਦੀ ਮੌਤ ਹੋ ਗਈ। ਬਾਕੀ ਚਾਰ ਜ਼ਖਮੀ ਹਨ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।