Ludhiana News: ਲੁਧਿਆਣਾ ਵਿੱਚ ਇੱਕ ਹੋਰ ਗੁੰਡਾਗਰਦੀ ਦੀ ਵਾਰਦਾਤ ਸਾਹਮਣੇ ਆਈ ਹੈ। ਸ਼ਹਿਰ ਦੇ ਦੁੱਗਰੀ ਫੇਜ਼-1 'ਚ ਦੇਰ ਰਾਤ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਇੱਕ ਘਰ ਦੇ ਬਾਹਰ ਖੜ੍ਹੇ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ। ਕੁਝ ਨੌਜਵਾਨ ਗਲੀਆਂ ਵਿੱਚ ਭੱਜ ਗਏ, ਜਦਕਿ ਇੱਕ ਨੌਜਵਾਨ ਆਪਣੇ ਦੋਸਤ ਦੇ ਘਰ ਵੜ ਗਿਆ। ਪੁਰਾਣੀ ਰੰਜਿਸ਼ ਕਾਰਨ ਬਦਮਾਸ਼ਾਂ ਨੇ ਘਰ 'ਚ ਦਾਖਲ ਹੋ ਕੇ ਨੌਜਵਾਨ ਦੀ ਕੁੱਟਮਾਰ ਕੀਤੀ। ਪੀੜਤ ਨੌਜਵਾਨ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ।
ਪੀੜਤ ਨੌਜਵਾਨ ਅਨੁਸਾਰ ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ, ਜਦਕਿ ਪੁਲਿਸ ਅਜੇ ਤੱਕ ਗੋਲੀ ਚੱਲਣ ਦੀ ਗੱਲ ਤੋਂ ਇਨਕਾਰ ਕਰ ਰਹੀ ਹੈ। ਉੱਥੇ ਮੌਜੂਦ ਲੋਕਾਂ ਨੇ ਇਸ ਲੜਾਈ ਦੀ ਵੀਡੀਓ ਵੀ ਬਣਾਈ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।
ਜ਼ਖਮੀ ਨੌਜਵਾਨ ਸ਼ੈਂਕੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਹੈਪੀ ਤੇ ਤਾਬਿਸ਼ ਰਾਏ ਨੂੰ ਬੇਟੀ ਦੇ ਜਨਮ ਦਿਨ ਦਾ ਸੱਦਾ ਪੱਤਰ ਦੇਣ ਆਇਆ ਸੀ। ਤਿੰਨੇ ਦੋਸਤ ਹੈਪੀ ਦੇ ਘਰ ਦੇ ਬਾਹਰ ਖੜ੍ਹੇ ਸਨ। ਇਸ ਦੌਰਾਨ ਕਾਰ 'ਚ ਸਵਾਰ 15 ਤੋਂ 20 ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਹੈਪੀ ਤੇ ਤਾਬਿਸ਼ ਆਪਣੀ ਜਾਨ ਬਚਾਉਣ ਲਈ ਭੱਜ ਗਏ। ਬਦਮਾਸ਼ ਘਰ 'ਚ ਦਾਖਲ ਹੋ ਗਏ ਤੇ ਉਸ 'ਤੇ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।
ਸ਼ੈਂਕੀ ਮੁਤਾਬਕ ਬਦਮਾਸ਼ਾਂ ਨੇ ਪਿਸਤੌਲ ਕੱਢ ਕੇ ਉਸ ਦੇ ਸਿਰ 'ਤੇ ਲਗਾ ਦਿੱਤੀ। ਸ਼ੈਂਕੀ ਨੇ ਦੱਸਿਆ ਕਿ ਉਸ ਦੇ ਦੋਸਤ ਪੀਯੂਸ਼ ਦੀ ਕੁਝ ਲੋਕਾਂ ਨਾਲ ਪੁਰਾਣੀ ਦੁਸ਼ਮਣੀ ਹੈ। ਉਹੀ ਲੋਕ ਪਿਯੂਸ਼ ਨੂੰ ਲੱਭਦੇ ਹੋਏ ਦੁੱਗਰੀ ਤੋਂ ਹੈਪੀ ਦੇ ਘਰ ਤੱਕ ਉਸ ਦਾ ਪਿੱਛਾ ਕਰਦੇ ਹੋਏ ਆਏ।
ਏਸੀਪੀ ਗੁਰਇਕਬਾਲ ਸਿੰਘ ਤੇ ਥਾਣਾ ਦੁੱਗਰੀ ਦੀ ਐਸਐਚਓ ਮਧੂ ਬਾਲਾ ਮੌਕੇ ’ਤੇ ਪੁੱਜੇ। ਏਸੀਪੀ ਗੁਰਇਕਬਾਲ ਸਿੰਘ ਅਨੁਸਾਰ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ 'ਚ ਫਾਇਰਿੰਗ ਹੋਈ ਜਾਂ ਨਹੀਂ, ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।