Patiala News: ਨਗਰ ਨਿਗਮ ਪਟਿਆਲਾ ਦੀ ਕਮਾਨ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਨੇ ਸੰਭਾਲ ਲਈ ਹੈ। ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਸਮੇਤ ਸਾਰੇ 60 ਕੌਂਸਲਰਾਂ ਦਾ ਕਾਰਜਕਾਲ ਸੋਮਵਾਰ ਨੂੰ ਪੂਰਾ ਹੋ ਗਿਆ ਹੈ। ਨਗਰ ਨਿਗਮ ਦੀਆਂ ਚੋਣਾਂ ਦਸੰਬਰ 2017 ’ਚ ਹੋਈਆਂ ਸਨ। ਉਸ ਵੇਲੇ 60 ਵਿੱਚੋਂ 59 ਸੀਟਾਂ ’ਤੇ ਕਾਂਗਰਸੀ ਉਮੀਦਵਾਰ ਜਿੱਤੇ ਸਨ ਤੇ ਸਿਰਫ ਇੱਕ ਵਾਰਡ ਤੋਂ ਅਕਾਲੀ ਦਲ ਦੀ ਰਮਨਜੀਤ ਕੌਰ ਜੌਨੀ ਕੋਹਲੀ ਕੌਂਸਲਰ ਬਣੀ ਸੀ।
ਦੱਸ ਦਈਏ ਕਿ ਨਗਰ ਨਿਗਮ ਪਟਿਆਲਾ ਦੇ ਕੁੱਲ 60 ਵਾਰਡ ਹਨ, ਜੋ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਵੰਡੇ ਹੋਏ ਹਨ। ਇਨ੍ਹਾਂ ਵਿੱਚੋਂ ਪਟਿਆਲਾ ਸ਼ਹਿਰੀ ’ਚ 32, ਪਟਿਆਲਾ ਦਿਹਾਤੀ ਹਲਕੇ ’ਚ 26 ਤੇ ਸਨੌਰ ਹਲਕੇ ਦੇ ਦੋ ਵਾਰਡ ਹਨ। 23 ਜਨਵਰੀ 2018 ਨੂੰ ਸੰਜੀਵ ਬਿੱਟੂ ਸਰਬਸੰਮਤੀ ਨਾਲ ਮੇਅਰ ਚੁਣੇ ਗਏ ਸਨ ਜਦਕਿ ਜੋਗਿੰਦਰ ਸਿੰਘ ਯੋਗੀ ਸੀਨੀਅਰ ਡਿਪਟੀ ਮੇਅਰ ਤੇ ਵਿਨਤੀ ਸੰਗਰ ਡਿਪਟੀ ਮੇਅਰ ਚੁਣੀ ਗਈ ਸੀ। 2021 ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਬਣਾ ਲਈ ਸੀ। ਇਸ ਮਗਰੋਂ ਮੇਅਰ ਸੰਜੀਵ ਬਿੱਟੂ ਦੇ ਵੀ ਇਸ ਪਾਰਟੀ ’ਚ ਸ਼ਾਮਲ ਹੋਣ ਕਰਕੇ ਉਹ ਕਾਂਗਰਸ ਦੀ ਬਜਾਏ ਪੀਐਲਸੀ ਦੇ ਮੇਅਰ ਬਣ ਗਏ।
ਇਹ ਵੀ ਪੜ੍ਹੋ : ਪੰਜਾਬ ਲਈ ਮਾਣ ਦੀ ਗੱਲ! ਪਹਿਲੀ ਵਾਰ ਦੋ ਔਰਤਾਂ ਬਣੀਆਂ ਡੀਜੀਪੀ
ਉੱਧਰ ਮੇਅਰ ਦਾ ਪਟਿਆਲਾ ਦਿਹਾਤੀ ਦੇ ਵਿਧਾਇਕ ਵਜੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੇ ਨਾਲ ਤਣਾਅ ਚੱਲ ਰਿਹਾ ਸੀ। ਬਹੁਮਤ ਸਾਬਤ ਨਾ ਕਰਨ ਦੇ ਤਰਕ ਵਜੋਂ ਸੰਜੀਵ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਮੇਅਰ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿੱਥੋਂ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ ਤੇ ਉਹ ਮੁੜ ਮੁਕੰਮਲ ਰੂਪ ’ਚ ਮੇਅਰ ਬਣ ਗਏ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ? ਮਾਂ ਬੋਲੀ ਪੰਜਾਬੀ ਨੂੰ ਅਜੇ ਵੀ ਲੱਗ ਰਿਹਾ ਖੋਰਾ
ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਸੰਜੀਵ ਬਿੱਟੂ ਵੀ ਭਾਜਪਾ ਦਾ ਹਿੱਸਾ ਬਣ ਗਏ। ਇਸੇ ਤਰਾਂ ਕੌਂਸਲਰ ਵੀ ਇੱਕ ਨਾ ਰਹੇ ਕਿਉਂਕਿ ਜਿਹੜੇ 59 ਕੌਂਸਲਰ ਪਹਿਲਾਂ ਕਾਂਗਰਸ ਦੀਆਂ ਟਿਕਟਾਂ ’ਤੇ ਜਿੱਤੇ ਸਨ, ਉਨ੍ਹਾਂ ਵਿੱਚੋਂ ਬਹੁਤੇ ਕਾਂਗਰਸ ਛੱਡ ਗਏ। ਇਨ੍ਹਾਂ ਵਿਚੋਂ ਮੇਅਰ ਤੇ ਸਾਥੀ ਪਹਿਲਾਂ ਪੀਐਲਸੀ ਤੇ ਫਿਰ ਭਾਜਪਾ ’ਚ ਰਲ਼ ਗਏ ਜਦਕਿ ਤਿੰਨ ਕਾਂਗਰਸੀ ਕੌਂਸਲਰ ‘ਆਪ’ ਦੇ ਹੋ ਗਏ। ਇਸ ਤਰ੍ਹਾਂ ਕਈ ਮੁਸ਼ਕਲਾਂ ਦੇ ਬਾਵਜੂਦ ਸੰਜੀਵ ਬਿੱਟੂ ਮੇਅਰ ਵਜੋਂ ਪਾਰੀ ਮੁਕੰਮਲ ਕਰਨ ’ਚ ਸਫ਼ਲ ਰਹੇ।