ISI Connetion - ਪਟਿਆਲਾ ਜੇਲ੍ਹ 'ਚ ਬੰਦ ਪਾਕਿਸਤਾਨੀ ਜਾਸੂਸ ਅਮਰੀਕ ਸਿੰਘ ਦੇ ਮਾਮਲੇ ਵਿੱਚ ਹੁਣ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ। ਪੁਲਿਸ ਨੇ ਏਜੰਸੀਆਂ ਦੀ ਇਨਪੁੱਟ ਦੇ ਆਧਾਰ 'ਤੇ ਅਮਰੀਕ ਸਿੰਘ ਦੇ ਮੋਬਾਇਲ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਸ ਕੈਦੀ ਦੇ ਸਬੰਧੀ ਪਾਕਿਸਤਾਨ ਦੀ ISI ਨਾਲ ਹਨ। 


ਹੁਣ ਜਦੋਂ ਇਸ ਮਾਮਲੇ ਵਿੱਚ ਹੋਰ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕ ਸਿੰਘ ਨੂੰ ਜੇਲ੍ਹ ਵਿੱਚ ਮਿਲਣ ਲਈ ਇੱਕ ਸਾਬਕਾ IAS ਅਫ਼ਸਰ ਵੀ ਜੇਲ੍ਹ ਵਿੱਚ ਆਉਂਦਾ ਹੈ। ਇਹ ਸਾਬਕਾ IAS ਅਫ਼ਸਰ ਆਪਣੇ ਆਪ ਨੂੰ ਅਮਰੀਕ ਸਿੰਘ ਦਾ ਚਾਚਾ ਦੱਸਦਾ ਸੀ। ਇਹ ਅਫ਼ਸਰ ਕੁੱਝ ਦਿਨ ਪਹਿਲਾਂ ਵੀ ਅਮਰੀਕ ਸਿੰਘ ਨੂੰ ਜੇਲ੍ਹ ਵਿੱਚ ਮਿਲ ਕੇ ਗਿਆ ਸੀ।


ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਤੋਂ ਅਮਰੀਕ ਸਿੰਘ ਦੇਧਨਾ ਨੂੰ ਮਿਲਣ ਆਏ ਵਿਅਕਤੀਆਂ ਦੇ ਵੇਰਵੇ ਮੰਗੇ ਹਨ। ਮਿਲਣ ਆਉਣ ਵਾਲਿਆਂ ਤੋਂ ਵੀ ਪੁਲਿਸ ਪੁੱਛਗਿੱਛ ਹੋਵੇਗੀ। ਉਕਤ ਸਾਬਕਾ ਆਈਏਐੱਸ ਅਧਿਕਾਰੀ ਡੀਸੀ ਵੀ ਰਹਿ ਚੁੱਕਿਆ ਹੈ। ਥਾਣਾ ਘੱਗਾ (ਪਟਿਆਲਾ) ਪੁਲਿਸ ਨੇ ਅਮਰੀਕ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ। ਅਮਰੀਕ ਸਿੰਘ ਨੂੰ ਸੋਮਵਾਰ ਨੂੰ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ।


ਨਸ਼ਾ ਤਸਕਰੀ ਦੇ ਮਾਮਲੇ 'ਚ ਜੇਲ੍ਹ ਅੰਦਰ ਬੰਦ ਅਮਰੀਕ ਸਿੰਘ ਦੇਧਨਾ ਨੇ ਜੇਲ੍ਹ ਦੇ ਅੰਦਰ ਵੀ ਅੱਤਵਾਦੀਆਂ ਨਾਲ ਨਜਦੀਕੀ ਰੱਖੀ ਹੋਈ ਸੀ। ਉਸ ਦੀਆਂ ਜੇਲ੍ਹ ਅੰਦਰਲੀਆਂ ਇਨ੍ਹਾਂ ਸਰਗਰਮੀਆਂ ਨੂੰ ਦੇਖਦਿਆਂ ਜੇਲ੍ਹ ਪ੍ਰਬੰਧਕਾਂ ਨੇ ਉਸ ਨੂੰ ਬੰਦ ਚੱਕੀਆਂ 'ਚ ਵੱਖਰਾ ਰੱਖਿਆ ਹੋਇਆ ਸੀ ਤਾਂ ਜੋ ਉਹ ਦਹਿਸ਼ਤਗਰਦਾਂ ਅਤੇ ਵੱਡੇ ਗੈਂਗਸਟਰਾਂ ਦੇ ਸੰਪਰਕ 'ਚ ਨਾ ਰਹਿ ਸਕੇ।


 ਅਜਿਹੇ 'ਚ ਪੁਲਿਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਉਨ੍ਹਾਂ ਨੇ ਭਾਰਤੀ ਫ਼ੌਜ ਦੀ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਦੇ ਏਜੰਟ ਸ਼ੇਰ ਖ਼ਾਨ ਨੂੰ ਭੇਜ ਦਿੱਤੀ ਹੈ। ਏਨਾ ਹੀ ਨਹੀਂ ਜੇਲ੍ਹ ਦੇ ਅੰਦਰ ਉਸ ਨੂੰ ਮੋਬਾਈਲ ਫੋਨ ਦੇਣ ਵਾਲੇ ਵਿਅਕਤੀ ਬਾਰੇ ਵੀ ਪੁਲਿਸ ਵੱਲੋਂ ਅਜੇ ਤੱਕ ਪੁੱਛਗਿਛ ਕਰਨੀ ਬਾਕੀ ਹੈ।


ਦੱਸਿਆ ਜਾ ਰਿਹਾ ਹੈ ਕਿ ਸਾਲ 20 22 'ਚ ਜਦੋਂ ਅਮਰੀਕ ਸਿੰਘ ਦੇਧਨਾ ਨੂੰ ਪਟਿਆਲਾ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ ਤਾਂ ਪੁਲਿਸ ਨੂੰ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਦੀ ਸੂਚਨਾ ਮਿਲੀ ਸੀ ਪਰ ਮੌਕੇ 'ਤੇ ਸਬੂਤ ਨਹੀਂ ਮਿਲ ਸਕੇ ਸਨ। ਪੁਲਿਸ ਵੱਲੋਂ ਜੇਲ੍ਹ ਅੰਦਰ ਮੁਲਜ਼ਮਾਂ ਨਾਲ ਮੁਲਾਕਾਤ ਕਰਨ ਦੀ ਜਾਂਚ ਅਤੇ ਜਾਂਚ ਤੋਂ ਬਾਅਦ ਪੁਲਿਸ ਨੂੰ ਸਬੂਤ ਮਿਲੇ ਅਤੇ ਤੁਰੰਤ ਮਾਮਲਾ ਦਰਜ ਕਰ ਲਿਆ ਹੈ।